Mundhe Gun Daasi Sukh Hoye (Guru Nanak)

Shabad: Mundhe Gun Daasi Sukh Hoye - Happiness is through the slavery of virtue. 
Composition: 20141 Mundhe Gun Daasi Sukh Hoye
Composition in Raag Kalashri
Key message is the virtue is everything


Guru Nanak in Raag Shri


ਸਿਰੀਰਾਗੁ ਮਹਲਾ ੧ ॥ ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥ ਮੁੰਧੇ ਗੁਣ ਦਾਸੀ ਸੁਖੁ ਹੋਇ ॥ ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥ ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥ ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥ ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥ ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥ ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥ ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥ ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥ ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥ ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥ ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥ ਸਾ ਧਨ ਖਰੀ ਸੁਹਾਵਣੀ ਜਿਨਿ ਪਿਰੁ ਜਾਤਾ ਸੰਗਿ ॥ ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥ ਸਚਿ ਸੁਹਾਗਣਿ ਸਾ ਭਲੀ ਪਿਰਿ ਮੋਹੀ ਗੁਣ ਸੰਗਿ ॥੬॥ ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥ ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥ ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥੭॥ ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥ ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥ ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥੮॥੬॥ {ਪੰਨਾ 56-57}

Other Shabads

Je Gun Hovan Saajna Mil Saanjh Kareejai - Share your virtues

Transliteration and Translation in English by Sant Singh Khalsa

Sirīrāg mėhlā 1.
Siree Raag, First Mehl:

Jap ṯap sanjam sāḏẖī▫ai ṯirath kīcẖai vās.
You may chant and meditate, practice austerities and self-restraint, and dwell at sacred shrines of pilgrimage;

Punn ḏān cẖang▫ā▫ī▫ā bin sācẖe ki▫ā ṯās.
you may give donations to charity, and perform good deeds, but without the True One, what is the use of it all?

Jehā rāḏẖe ṯehā luṇai bin guṇ janam viṇās. ||1||
As you plant, so shall you harvest. Without virtue, this human life passes away in vain. ||1||

Munḏẖe guṇ ḏāsī sukẖ ho▫e.
O young bride, be a slave to virtue, and you shall find peace.

Avgaṇ ṯi▫āg samā▫ī▫ai gurmaṯ pūrā so▫e. ||1|| rahā▫o.
Renouncing wrongful actions, following the Guru's Teachings, you shall be absorbed into the Perfect One. ||1||Pause||

viṇ rāsī vapārī▫ā ṯake kundā cẖār.
Without capital, the trader looks around in all four directions.

Mūl na bujẖai āpṇā vasaṯ rahī gẖar bār.
He does not understand his own origins; the merchandise remains within the door of his own house.

viṇ vakẖar ḏukẖ aglā kūṛ muṯẖī kūṛi▫ār. ||2||
Without this commodity, there is great pain. The false are ruined by falsehood. ||2||

Lāhā ahinis na▫oṯanā parkẖe raṯan vīcẖār.
One who contemplates and appraises this Jewel day and night reaps new profits.

vasaṯ lahai gẖar āpṇai cẖalai kāraj sār.
He finds the merchandise within his own home, and departs after arranging his affairs.

vaṇjāri▫ā si▫o vaṇaj kar gurmukẖ barahm bīcẖār. ||3||
So trade with the true traders, and as Gurmukh, contemplate God. ||3||

Sanṯāʼn sangaṯ pā▫ī▫ai je mele melaṇhār.
In the Society of the Saints, He is found, if the Uniter unites us.

Mili▫ā ho▫e na vicẖẖuṛai jis anṯar joṯ apār.
One whose heart is filled with His Infinite Light meets with Him, and shall never again be separated from Him.

Sacẖai āsaṇ sacẖ rahai sacẖai parem pi▫ār. ||4||
True is his position; he abides in Truth, with love and affection for the True One. ||4||

Jinī āp pacẖẖāṇi▫ā gẖar mėh mahal suthā▫e.
One who understands himself finds the Mansion of the Lord's Presence within his own home.

Sacẖe seṯī raṯi▫ā sacẖo palai pā▫e.
Imbued with the True Lord, Truth is gathered in.


Ŧaribẖavaṇ so parabẖ jāṇī▫ai sācẖo sācẖai nā▫e. ||5||
God is known throughout the three worlds. True is the Name of the True One. ||5||

Sā ḏẖan kẖarī suhāvaṇī jin pir jāṯā sang.
The wife who knows that her Husband Lord is always with her is very beautiful.

Mahlī mahal bulā▫ī▫ai so pir rāve rang.
The soul-bride is called to the Mansion of the His Presence, and her Husband Lord ravishes her with love.

Sacẖ suhāgaṇ sā bẖalī pir mohī guṇ sang. ||6||
The happy soul-bride is true and good; she is fascinated by the Glories of her Husband Lord. ||6||

Bẖūlī bẖūlī thal cẖaṛā thal cẖaṛ dūgar jā▫o.
Wandering around and making mistakes, I climb the plateau; having climbed the plateau, I go up the mountain.

Ban mėh bẖūlī je firā bin gur būjẖ na pā▫o.
But now I have lost my way, and I am wandering around in the forest; without the Guru, I do not understand.

Nāvhu bẖūlī je firā fir fir āva▫o jā▫o. ||7||
If I wander around forgetting God's Name, I shall continue coming and going in reincarnation, over and over again. ||7||

Pucẖẖahu jā▫e paḏẖā▫ū▫ā cẖale cẖākar ho▫e.
Go and ask the travelers, how to walk on the Path as His slave.

Rājan jāṇėh āpṇā ḏar gẖar ṯẖāk na ho▫e.
They know the Lord to be their King, and at the Door to His Home, their way is not blocked.

Nānak eko rav rahi▫ā ḏūjā avar na ko▫e. ||8||6||
O Nanak, the One is pervading everywhere; there is no other at all. ||8||6||

Translation and notes by Bhai Sahib Singh: 


ਪਦ ਅਰਥ: ਜਪੁ = ਮੰਤ੍ਰਾਂ ਦਾ ਪਾਠ (ਕਿਸੇ ਸਿੱਧੀ ਆਦਿਕ ਦੀ ਪ੍ਰਾਪਤੀ ਵਾਸਤੇ) । ਤਪੁ = ਪੁੱਠਾ ਲਟਕ ਕੇ ਜਾਂ ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦੇਣਾ। ਸੰਜਮੁ = ਇੰਦ੍ਰਿਆਂ ਨੂੰ ਕਾਬੂ ਵਿਚ ਰੱਖਣ ਦਾ ਕੋਈ ਸਾਧਨ। ਤੀਰਥਿ = ਤੀਰਥ ਉੱਤੇ। ਕਿਆ ਤਾਸੁ = ਉਸ ਦਾ ਕੀਹ (ਲਾਭ) ? ਰਾਧੇ = ਬੀਜਦਾ ਹੈ। ਲੁਣੈ = ਵੱਢਦਾ ਹੈ, ਫਲ ਹਾਸਲ ਕਰਦਾ ਹੈ।1।

ਮੁੰਧੇ = ਹੇ ਭੋਲੀ ਜੀਵ-ਇਸਤ੍ਰੀ! ਤਿਆਗਿ = ਤਿਆਗ ਕੇ। ਸਮਾਈਐ = ਲੀਨ ਹੋਈਦਾ ਹੈ। ਸੋਇ = ਉਹ ਪਰਮਾਤਮਾ।1। ਰਹਾਉ।
ਰਾਸੀ = ਪੂੰਜੀ, ਸਰਮਾਇਆ। ਕੁੰਡਾ = ਕੁੰਡਾਂ, ਤਰਫਾਂ, ਪਾਸੇ। ਵਸਤੁ = (ਅਸਲ) ਸੌਦਾ। ਰਹੀ = ਪਈ ਰਹੀ, ਬੇ-ਕਦਰੀ ਪਈ ਰਹੀ। ਘਰ ਬਾਰਿ = ਅੰਦਰੇ ਹੀ। ਵਖਰ = ਸੌਦਾ। ਅਗਲਾ = ਬਹੁਤ। ਕੂੜਿਆਰ = ਨਾਸਵੰਤ ਪਦਾਰਥਾਂ ਦੀ ਗਾਹਕ।2।

ਲਾਹਾ = ਲਾਭ। ਅਹਿ = ਦਿਨ। ਨਿਸਿ = ਰਾਤ। ਨਉਤਨਾ = ਨਵਾਂ। ਵੀਚਾਰਿ = ਵੀਚਾਰ ਕੇ। ਘਰਿ = ਘਰ ਵਿਚ। ਸਾਰਿ = ਸੰਭਾਲ ਕੇ, ਸਿਰੇ ਚਾੜ੍ਹ ਕੇ, ਸੰਵਾਰ ਕੇ। ਕਰਿ = ਕਰ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬ੍ਰਹਮੁ ਬੀਚਾਰਿ = ਪਰਮਾਤਮਾ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆ ਕੇ।3।
ਜਿਸੁ ਅੰਤਰਿ = ਜਿਸ (ਮਨੁੱਖ) ਦੇ ਅੰਦਰ। ਸਚੈ ਆਸਣਿ = ਅਡੋਲ ਆਸਣ ਉੱਤੇ।4।

ਆਪੁ = ਆਪਣੇ ਆਪ ਨੂੰ। ਮਹਲੁ = ਪਰਮਾਤਮਾ ਦਾ ਮਹਲ। ਸੁਥਾਇ = (ਹਿਰਦੇ-ਰੂਪ) ਸ੍ਰੇਸ਼ਟ ਥਾਂ ਵਿਚ। ਪਲੈ ਪਾਇ = ਪ੍ਰਾਪਤ ਕਰ ਲੈਂਦਾ ਹੈ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸਾਰੇ ਜਗਤ ਵਿਚ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ।5।

ਸਾਧਨ = ਜੀਵ-ਇਸਤ੍ਰੀ। ਖਰੀ = ਬਹੁਤ। ਜਿਨਿ = ਜਿਸ (ਸਾਧਨ) ਨੇ। ਮਹਲੀ = ਉਹ ਜੀਵ-ਇਸਤ੍ਰੀ। ਮਹਿਲ = ਪ੍ਰਭੂ ਦੇ ਮਹਲ ਵਿਚ। ਰਾਵੈ = ਮਾਣਦਾ ਹੈ, ਪਿਆਰ ਕਰਦਾ ਹੈ। ਰੰਗਿ = ਪ੍ਰੇਮ ਵਿਚ (ਆ ਕੇ) । ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ, ਅਮਰ ਪ੍ਰਭੂ ਵਿਚ। ਪਿਰਿ = ਪਿਰ ਨੇ।6।

ਥਲਿ = ਧਰਤੀ ਉਤੇ। ਚੜਿ = ਚੜ੍ਹ ਕੇ। ਡੂਗਰਿ = ਪਹਾੜ ਉੱਤੇ। ਜਾਉ = ਜਾਉਂ, (ਜੇ) ਮੈਂ ਜਾਵਾਂ। ਬੂਝ = ਸਮਝ। ਨਾਵਹੁ = (ਪ੍ਰਭੂ ਦੇ) ਨਾਮ ਤੋਂ। ਆਵਉ ਜਾਉ = ਮੈਂ ਆਉਂਦੀ ਤੇ ਜਾਂਦੀ ਹਾਂ, ਜੰਮਦੀ ਤੇ ਮਰਦੀ ਹਾਂ।7।

ਪਧਾਊ = ਮੁਸਾਫ਼ਿਰ, ਰਾਹੀ, ਪਾਂਧੀ। ਚਾਕਰ = ਸੇਵਕ, ਦਾਸ। ਰਾਜਨੁ = ਰਾਜਾ, ਪਰਮਾਤਮਾ। ਦਰਿ = ਦਰ ਤੇ। ਘਰਿ = ਘਰ ਵਿਚ। ਠਾਕ = ਰੋਕ। ਰਵਿ ਰਹਿਆ = ਵਿਆਪਕ ਹੈ।8।

ਅਰਥ: ਹੇ ਭੋਲੀ ਜੀਵ-ਇਸਤ੍ਰੀ! (ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ) ਗੁਣਾਂ ਦੀ ਖ਼ਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਕ ਸੁਖ ਸੁਖ ਹੋਵੇਗਾ। ਔਗੁਣਾਂ ਨੂੰ ਛੱਡ ਕੇ ਹੀ ਪ੍ਰਭੂ-ਚਰਨਾਂ ਵਿਚ ਲੀਨ ਹੋ ਸਕੀਦਾ ਹੈ, ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ।1। ਰਹਾਉ।

ਜੇ (ਕਿਸੇ ਸਿੱਧੀ ਆਦਿਕ ਵਾਸਤੇ ਮੰਤ੍ਰਾਂ ਦਾ) ਪਾਠ ਕੀਤਾ ਜਾਏ, (ਧੂਣੀਆਂ ਆਦਿਕ ਤਪਾ ਕੇ) ਸਰੀਰ ਨੂੰ ਕਸ਼ਟ ਦਿੱਤਾ ਜਾਏ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦਾ ਕੋਈ ਸਾਧਨ ਕੀਤਾ ਜਾਏ, ਕਿਸੇ ਤੀਰਥ ਉੱਤੇ ਨਿਵਾਸ ਕੀਤਾ ਜਾਏ, (ਜੇ ਖ਼ਲਕਤ ਦੇ ਭਲੇ ਵਾਸਤੇ) ਦਾਨ-ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ (ਪਰ ਪਰਮਾਤਮਾ ਦਾ ਸਿਮਰਨ ਨਾਹ ਕੀਤਾ ਜਾਏ, ਤਾਂ) ਪ੍ਰਭੂ-ਸਿਮਰਨ ਤੋਂ ਬਿਨਾ ਉਪਰਲੇ ਸਾਰੇ ਹੀ ਉੱਦਮਾਂ ਦਾ ਕੋਈ ਲਾਭ ਨਹੀਂ। ਮਨੁੱਖ ਜਿਹਾ ਬੀ ਬੀਜਦਾ ਹੈ, ਉਹੋ ਜਿਹਾ ਫਲ ਵੱਢਦਾ ਹੈ (ਜੇ ਸਿਮਰਨ ਨਹੀਂ ਕੀਤਾ, ਤਾਂ ਆਤਮਕ ਗੁਣ ਕਿੱਥੋਂ ਆ ਜਾਣ? ਤੇ) ਆਤਮਕ ਗੁਣਾਂ ਤੋਂ ਬਿਨਾ ਜ਼ਿੰਦਗੀ ਵਿਅਰਥ ਹੈ।1।

ਸਰਮਾਏ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ। ਜੇਹੜਾ ਮਨੁੱਖ (ਆਪਣੀ ਜ਼ਿੰਦਗੀ ਦੇ) ਮੂਲ-ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ-ਘਰ ਅੰਦਰ ਹੀ (ਅਣਪਛਾਤਾ) ਪਿਆ ਰਹਿੰਦਾ ਹੈ। ਨਾਸਵੰਤ ਪਦਾਰਥਾਂ ਦੀ ਵਪਾਰਨ (ਜੀਵ-ਇਸਤ੍ਰੀ) ਕੂੜ ਵਿਚ ਲੱਗ ਕੇ (ਆਤਮਕ ਗੁਣਾਂ ਵਲੋਂ) ਲੁੱਟੀ ਜਾ ਰਹੀ ਹੈ, ਨਾਮ-ਵੱਖਰ ਤੋਂ ਵਾਂਜੇ ਰਹਿ ਕੇ ਉਸ ਨੂੰ ਬਹੁਤ ਆਤਮਕ ਕਲੇਸ਼ ਵਿਆਪਦਾ ਹੈ।2।

ਜੇਹੜਾ ਮਨੁੱਖ ਸੋਚ ਸਮਝ ਕੇ ਨਾਮ-ਰਤਨ ਨੂੰ ਪਰਖਦਾ ਹੈ (ਨਾਮ ਦੀ ਕੀਮਤ ਪਾਂਦਾ ਹੈ) ਉਸ ਨੂੰ ਦਿਨ ਰਾਤਿ (ਆਤਮਕ ਗੁਣਾਂ ਦਾ ਨਿੱਤ) ਨਵਾਂ ਨਫ਼ਾ ਪੈਂਦਾ ਹੈ। ਜੇਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦੇ ਗੁਣਾਂ) ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ੍ਹ ਕੇ ਇਥੋਂ ਜਾਂਦਾ ਹੈ।3।

(ਪਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖ਼ਜ਼ਾਨਾ ਲਭਾ ਸਕਦਾ ਹੈ) ਜੇ ਉਸ ਖ਼ਜ਼ਾਨੇ ਨਾਲ ਮਿਲਾਪ-ਕਰਾਣ-ਦੇ-ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖ਼ਜ਼ਾਨਾ ਸੰਤਾਂ ਦੀ ਸੰਗਤਿ ਵਿਚ ਰਿਹਾਂ ਲੱਭ ਸਕਦਾ ਹੈ, ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤਿ (ਇਕ ਵਾਰੀ ਜਗ ਪਏ) ਉਹ ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ ਮੁੜ ਵਿੱਛੁੜਦਾ ਨਹੀਂ, ਕਿਉਂਕਿ ਉਹ ਅਡੋਲ (ਆਤਮਕ) ਆਸਣ ਉੱਤੇ ਬੈਠ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ-ਪਿਆਰ ਸਦਾ-ਥਿਰ ਪ੍ਰਭੂ ਵਿਚ ਪਾ ਲੈਂਦਾ ਹੈ।4।

(ਗੁਰੂ ਦੀ ਮਤਿ ਉਤੇ ਤੁਰ ਕੇ) ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ-ਰੂਪ ਸੋਹਣੇ ਥਾਂ ਵਿਚ ਹੀ ਪਰਮਾਤਮਾ ਦਾ ਨਿਵਾਸ-ਥਾਂ ਲੱਭ ਪੈਂਦਾ ਹੈ। ਸਦਾ-ਥਿਰ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਮਿਲ ਪੈਂਦਾ ਹੈ। (ਹੇ ਭੋਲੀ ਜੀਵ-ਇਸਤ੍ਰੀ!) ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪਛਾਣ ਲਈਦਾ ਹੈ।5।

(ਗੁਰੂ ਦੀ ਸਰਨ ਪੈ ਕੇ) ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨੂੰ ਆਪਣੇ ਅੰਗ-ਸੰਗ ਸਮਝ ਲਿਆ ਹੈ, ਉਹ ਜੀਵ-ਇਸਤ੍ਰੀ ਸਚ-ਮੁਚ ਸੋਹਣੀ (ਸੋਹਣੀ ਜੀਵਨ ਵਾਲੀ) ਹੋ ਜਾਂਦੀ ਹੈ। ਉਹ ਜੀਵ-ਇਸਤ੍ਰੀ ਪ੍ਰਭੂ ਦੇ ਮਹਲ ਵਿਚ ਸੱਦੀ ਜਾਂਦੀ ਹੈ, ਉਹ ਪ੍ਰਭੂ ਪਤੀ ਪ੍ਰੇਮ-ਰੰਗ ਵਿਚ ਆ ਕੇ ਉਸ ਨੂੰ ਪਿਆਰ ਕਰਦਾ ਹੈ, ਪਤੀ-ਪ੍ਰਭੂ ਨੇ ਆਤਮਕ ਗੁਣਾਂ ਨਾਲ ਉਸ ਨੂੰ ਅਜੇਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ।6।

(ਆਤਮਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ) ਭੁੱਲ ਕੇ ਜੇ ਮੈਂ (ਦੁਨੀਆ ਛੱਡ ਕੇ ਭੀ) ਸਾਰੀ ਧਰਤੀ ਉਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰ ਕੇ ਫਿਰ ਜੇ ਮੈਂ ਪਹਾੜ ਉੱਤੇ ਭੀ ਜਾ ਚੜ੍ਹਾਂ (ਜੇ ਮੈਂ ਕਿਸੇ ਪਹਾੜ ਦੀ ਗੁਫ਼ਾ ਵਿਚ ਭੀ ਜਾ ਟਿਕਾਂ) (ਸਹੀ ਰਸਤੇ ਤੋਂ) ਖੁੰਝ ਕੇ ਜੇ ਮੈਂ ਜੰਗਲਾਂ ਵਿਚ ਭਟਕਦੀ ਫਿਰਾਂ, ਤਾਂ ਭੀ ਮੈਨੂੰ (ਆਤਮਕ ਰਸਤੇ ਦੀ) ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾ ਇਸ ਰਸਤੇ ਦੀ ਸੂਝ ਨਹੀਂ ਪੈਂਦੀ। ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ (ਜੰਗਲਾਂ ਪਹਾੜਾਂ ਵਿਚ) ਫਿਰਦੀ ਰਹਾਂ, ਤਾਂ ਮੈਂ ਮੁੜ ਮੁੜ ਜਨਮ ਮਰਨ ਦਾ ਗੇੜ ਸਹੇੜ ਲਵਾਂਗੀ।7।

(ਹੇ ਭੋਲੀ ਜੀਵ-ਇਸਤ੍ਰੀ! ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ) ਜਾ ਕੇ ਉਹਨਾਂ (ਆਤਮ-) ਰਾਹੀਆਂ ਨੂੰ ਪੁੱਛ ਜੇਹੜੇ (ਪ੍ਰਭੂ-ਦਰ ਦੇ) ਸੇਵਕ ਬਣ ਕੇ (ਜੀਵਨ-ਰਸਤੇ ਉਤੇ) ਤੁਰ ਰਹੇ ਹਨ, ਉਹ (ਇਸ ਸ੍ਰਿਸ਼ਟੀ ਦੇ ਮਾਲਕ) ਪਾਤਿਸ਼ਾਹ ਨੂੰ ਆਪਣਾ ਸਮਝਦੇ ਹਨ, ਉਹਨਾਂ ਨੂੰ ਪ੍ਰਭੂ ਪਾਤਿਸ਼ਾਹ ਦੇ ਦਰ ਤੇ ਘਰ ਵਿਚ (ਜਾਣੋਂ) ਕੋਈ ਰੋਕ ਨਹੀਂ ਹੁੰਦੀ। ਹੇ ਨਾਨਕ! ਉਹਨਾਂ ਨੂੰ ਹਰ ਥਾਂ ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ, ਕਿਤੇ ਵੀ ਉਹਨਾਂ ਨੂੰ ਉਹ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।8।

0 Comments