(Translator Ganda Singh & Principal Ganga Singh)
ਦੀਵਾਨ-ਏ-ਗੋਯਾ (ਗ਼ਜ਼ਲਾਂ)
ਦੀਵਾਨ-ਏ-ਗੋਯਾ (ਗ਼ਜ਼ਲਾਂ)
ਭਾਈ ਨੰਦ ਲਾਲ ਗੋਯਾ
(ਅਨੁਵਾਦਕ ਗੰਡਾ ਸਿੰਘ ਅਤੇ ਪ੍ਰਿੰਸੀਪਲ ਗੰਗਾ ਸਿੰਘ)
ਗ਼ਜ਼ਲ 1
ਹਵਾ ਏ ਬੰਦਗੀ ਆਵੁਰਦ ਦਰ ਵਜੂਦ ਮਰਾ ।
ਵਗਰਨਹ ਜ਼ੌਕਿ ਚੁਨੀਂ ਆਮਦਨ ਨ ਬੂਦ ਮਰਾ ।
ਖੁਸ਼ ਅਸਤ ਉਮਰ ਕਿ ਦਰ ਯਾਦ ਬਿਗੁਜ਼ਰਦ
ਵਰਨਹ ਚਿ ਹਾਸਲ ਅਸਤ ਅਜ਼ੀਂ ਗੁੰਬਦੇ ਕਬੂਦ ਮਰਾ ।
ਦਰ ਜ਼ਮਾਂ ਕਿ ਨਿਆਈ ਬ-ਯਾਦ ਮੀ-ਮੀਰਮ
ਬਗ਼ੈਰ ਯਾਦਿ ਤੂ ਜ਼ੀਂ ਜ਼ੀਸਤਨ ਚਿ ਸੂਦ ਮਰਾ ।
ਫ਼ਿਦਾ ਅਸਤ ਜਾਨੋ ਦਿਲੇ ਮਨ ਬ-ਖ਼ਾਕਿ ਮਰਦਮਿ ਪਾਕ
ਹਰ ਆਂ ਕਸੇ ਕਿਹ ਬੂ-ਸੂਇ ਤੂ ਰਹਿ ਨਮੂਦ ਮਰਾ ।
ਨਬੂਦ ਹੇਚ ਨਿਸ਼ਾਨ ਹਾ ਜ਼ਿ-ਆਸਮਾਨੋ ਜ਼ਮੀਂ
ਕਿ ਸ਼ੌਕਿ ਰੂਇ ਤੂ ਆਵੁਰਦ ਦਰ ਸਜੂਦ ਮਰਾ ।
ਬਗ਼ੈਰ ਯਾਦਿ ਤੂ ਗੋਯਾ ਨਮੀ ਤਵਾਨਮ ਜ਼ੀਸਤ
ਬਸੂਇ ਦੋਸਤ ਰਿਹਾਈ ਦਿਹੰਦ ਜ਼ੂਦ ਮਰਾ ।
ਭਜਨ ਬੰਦਗੀ ਦੀ ਇੱਛਾ ਨੇ ਮੈਨੂੰ ਹੋਂਦ ਵਿਚ ਲਿਆਂਦਾ ।
ਨਹੀਂ ਤਾਂ ਮੈਨੂੰ ਇਸ ਤਰ੍ਹਾਂ ਆਉਣ ਦਾ ਕੋਈ ਸ਼ੌਕ ਨਹੀਂ ਸੀ ।
ਕਿਨੀ ਚੰਗੀ ਹੈ ਉਹ ਆਯੂ, ਜਿਹੜੀ ਉਸਦੀ ਯਾਦ ਵਿਚ ਗੁਜ਼ਰੇ,
ਨਹੀਂ ਤਾਂ ਭਲਾ ਮੈਨੂੰ ਇਸ ਨੀਲੇ ਗੁੰਬਦ ਤੋਂ ਕੀ ਫ਼ਾਇਦਾ ?
ਜਦੋਂ ਤੂੰ ਯਾਦ ਨਹੀਂ ਆਉਂਦਾ, ਤਾਂ ਮੈਂ ਮਰ ਮਰ ਜਾਂਦਾ ਹਾਂ,
ਤੇਰੀ ਯਾਦ ਬਿਨਾਂ ਮੈਨੂੰ ਜਿਉਣ ਦਾ ਕੀ ਫ਼ਾਇਦਾ ?
ਮੇਰੀ ਜਾਨ ਅਤੇ ਦਿਲ ਉਸ ਪਵਿੱਤਰ ਪੁਰਖ ਦੇ ਚਰਨਾਂ ਦੀ ਧੂੜ ਤੋਂ ਕੁਰਬਾਨ ਹਨ,
ਜਿਸ ਨੇ ਕਿ ਮੈਨੂੰ ਤੇਰਾ ਰਾਹ ਵਿਖਾਇਆ ।
ਉਸ ਵੇਲੇ ਤਾਂ ਆਸਮਾਨ ਅਤੇ ਜ਼ਮੀਨ ਤਕ ਦਾ ਨਾਮ ਨਿਸਾਨ ਨਹੀਂ ਸੀ,
ਜਦੋਂ ਕਿ ਤੇਰੇ ਦੀਦਾਰ ਦੇ ਸ਼ੌਕ ਨੇ ਮੈਨੂੰ ਸਿਜਦੇ ਵਿਚ ਡੇਗ ਦਿੱਤਾ ।
ਐ ਗੋਯਾ ! ਮੈਂ ਤੇਰੀ ਯਾਦ ਬਿਨਾਂ ਜਿਊ ਨਹੀਂ ਸਕਦਾ,
ਮੈਨੂੰ ਮੇਰੇ ਸੱਜਨ ਵਲ ਜਾਣ ਲਈ ਛੇਤੀ ਹੀ ਰਿਹਾਈ ਮਿਲ ਜਾਵੇਗੀ ।
..............
ਭਗਤੀ ਤਾਂਘ ਪੀਆ ਦੀ ਲੱਗੀ, ਤਨ ਖ਼ਾਕੀ ਵਿਚ ਆਏ ਵਾਹ ।
ਨਹੀਂ ਤਾਂ ਚਾਅ ਆਵਣ ਦਾ ਕੀ ਸੀ, ਜਿਸ ਪਿਛੇ ਉਠ ਧਾਏ ਵਾਹ ।
ਉਮਰ ਚੰਗੇਰੀ ਓਹਾ ਜੇਹੜੀ, ਅੰਦਰ ਯਾਦ ਵਿਹਾ ਜਾਏ,
ਨੀਲੇ ਏਸ ਅਕਾਸ਼ੋਂ ਨਹੀਂ ਤਾਂ, ਕੀ ਕੁਝ ਲਾਭ ਉਠਾਏ ਵਾਹ ।
ਜਿਸ ਦਮ ਪ੍ਰੀਤਮ ਯਾਦ ਨਾ ਆਵੇ, ਤੁਰਤ ਕਾਲ ਮਰ ਜਾਈਦਾ,
ਬਿਨ ਸਿਮਰਨ ਤੋਂ ਜੀਵਨ ਵਾਂਗੂੰ ਸੁੰਞੇ ਮਹਿਲ ਵਿਹਾਏ ਵਾਹ ।
ਚਰਨਾਂ ਸੰਦੀ ਧੂੜ ਤਿਨ੍ਹਾਂ ਤੋਂ, ਤਨ ਮਨ ਸਦਕੇ ਸਾਡਾ ਏ
ਭੁੱਲੇ ਭਟਕੇ ਪਕੜ ਜਿਨ੍ਹਾਂ ਨੂੰ, ਰਾਹ ਪ੍ਰੀਤਮ ਦੇ ਪਾਏ ਵਾਹ ।
ਧਰਤ ਅਕਾਸ਼ ਪਤਾਲਾਂ ਸੰਦੀ, ਕੁਈ ਨਾ ਜਦੋਂ ਨਿਸ਼ਾਨੀ ਸੀ,
ਦਰਸ਼ਨ ਤਾਂਘ ਪਿਆਰੇ ਸੰਦੀ, ਵਿਚ ਸਜਦੇ ਦੇ ਪਾਏ ਵਾਹ ।
ਬਾਝੋਂ ਯਾਦ ਪਿਆਰੇ 'ਗੋਯਾ', ਜਿੰਦੜੀ ਮੂਲ ਨਾ ਰਹਿੰਦੀ ਏ,
ਤੁਰਤ ਅਸਾਂ ਨੂੰ ਦੇਵੋ ਰੁਖਸਤ, ਦੇਸ ਪੀਆ ਦੇ ਜਾਏ ਵਾਹ ।
ਗ਼ਜ਼ਲ 2
ਦੀਨੋ ਦੁਨੀਆਂ ਦਰ ਕਮੰਦਿ ਆਂ ਪਰੀ ਰੁਖ਼ਸਾਰਿ ਮਾ ।
ਹਰ ਦੋ ਆਲਮ ਕੀਮਤਿ ਯਕ ਤਾਰਿ ਮੂਇ ਯਾਰਿ ਮਾ ।
ਮਾ ਨਮੀ ਆਰੇਮ ਤਾਬਿ ਗ਼ਮਜ਼ਾਇ ਮਿਜ਼ਗ਼ਾਨਿ ਊ
ਯੱਕ ਨਿਗਾਹਿ ਜਾਂ-ਫਿਜ਼ਾਇਸ਼ ਬਸ ਬਵਦ ਦਰਕਾਰਿ ਮਾ ।
ਗਾਹੇ ਸੂਫ਼ੀ ਗਾਹੇ ਜ਼ਾਹਿਦ ਗਹਿ ਕਲੰਦਰ ਮੀ ਸ਼ਵਦ
ਰੰਗਹਾਇ ਮੁਖ਼ਤਲਿਫ਼ ਦਾਰਦ ਬੁਤਿ ਅਯਾਰਿ ਮਾ ।
ਕਦਰਿ ਲਾਅਲਿ ਊ ਬਜੁਜ਼ ਆਸ਼ਿਕ ਨਾਂ ਦਾਨਦ ਹੇਚ ਕਸ
ਕੀਮਤਿ ਯਾਕੂਤ ਦਾਨਦ ਚਸ਼ਮਿ ਗੌਹਰ ਬਾਰਿ ਮਾ ।
ਹਰ ਨਫਸ ਗੋਯਾ ਬ-ਯਾਦਿ ਨਰਗਸਿ ਮਖਮੂਰਿ ਊ
ਬਾਦਾਹਾਇ ਸ਼ੌਕ ਮੀ-ਨੋਸ਼ਦ ਦਿਲਿ ਹੁਸ਼ਿਆਰਿ ਮਾ ।
ਦੀਨ ਅਤੇ ਦੁਨੀਆਂ ਸਾਡੇ ਉਸ ਪਰੀ-ਚਿਹਰਾ ਦੋਸਤ ਦੀ ਫਾਹੀ ਵਿਚ ਹਨ ।
ਦੋਵੇਂ ਜਹਾਨ ਸਾਡੇ ਯਾਰ ਦੇ ਇਕ ਵਾਲ ਦੇ ਮੁਲ ਬਰਾਬਰ ਹਨ ।
ਅਸੀਂ ਉਸ ਸੱਜਨ ਦੀ ਇਕ ਭੀ ਟੇਢੀ ਨਜ਼ਰ ਦੀ ਤਾਬ ਨਹੀਂ ਝੱਲ ਸਕਦੇ,
ਉਸ ਦੀ ਇੱਕੋ ਨਿਗਾਹ, ਜਿਹੜੀ ਉਮਰਾਂ ਵਧਾ ਦਿੰਦੀ ਹੈ, ਸਾਨੂੰ ਬਥੇਰੀ ਹੈ ।
ਕਦੀ ਤਾਂ ਉਹ ਸੂਫੀ ਬਣ ਜਾਂਦਾ ਹੈ, ਕਦੀ ਭਜਨ ਬੰਦਗੀ ਵਾਲਾ ਅਤੇ ਕਦੀ ਮਸਤ ਕਲੰਦਰ;
ਸਾਡਾ ਚਾਲਾਕ ਪਿਆਰਾ ਨਾਨਾ ਰੰਗਾਂ ਦਾ ਮਾਲਕ ਹੈ ।
ਉਸ ਦੇ ਲਾਲਾਂ (ਵਰਗੇ ਹੋਠਾਂ) ਦੀ ਭਲਾ ਕਦਰ ਬਿਨਾਂ ਪ੍ਰੇਮੀ ਦੇ ਕੌਣ ਜਾਣੇ ?
ਯਾਕੂਤ ਦੀ ਕੀਮਤ ਸਾਡੀ ਮੋਤੀ ਵਸਾਉਣ ਵਾਲੀ ਅੱਖ ਹੀ ਜਾਣਦੀ ਹੈ ।
ਹਰ ਛਿਨ ਤੇ ਹਰ ਪਲ ਗੋਯਾ ਸਾਡਾ ਹੁਸ਼ਿਆਰ ਦਿਲ
ਉਸ ਪਿਆਰੇ ਦੀ ਮਸਤ ਨਰਗਸੀ ਅੱਖ ਦੀ ਯਾਦ ਵਿਚ ਪਿਆਰ ਦਾ ਨਸ਼ਾ ਪੀਂਦਾ ਹੈ ।
.......................
ਦੀਨ ਤੇ ਦੁਨੀਆਂ ਦੋਂਵੇ ਬੱਝੇ, ਅੰਦਰ ਜ਼ੁਲਫ ਪਿਆਰੇ ਦੀ ।
ਇਕ ਇਕ ਕੇਸ ਪੀਆ ਦੇ ਉੱਤੋਂ ਦੋਂਵੇ ਆਲਮ ਵਾਰੇ ਵਾਹ ।
ਝੱਲ ਨਾ ਸਕਦੇ ਤਾਬ ਪ੍ਰੀਤਮ ਮਸਤਾਨੇ ਤਿਰੇ ਨਖ਼ਰੇ ਦੀ,
ਇਕੋ ਨਜ਼ਰ ਮਿਹਰ ਦੀ ਕਾਫੀ, ਮੰਗਦੇ ਦੀਨ ਵਿਚਾਰੇ ਵਾਹ ।
ਸੂਫ਼ੀ ਤੇ ਕਦੇ ਮਸਤ ਕਲੰਦਰ, ਜ਼ਾਹਦ ਵੀ ਬਣ ਜਾਂਦੇ ਨੇ,
ਰੰਗ ਬਰੰਗੇ ਭੇਸ ਵਟਾਂਦੇ ਚਿੱਤ ਚੁਰਾਵਨਹਾਰੇ ਵਾਹ।
ਲਾਲ ਮਾਹੀ ਦੀ ਕਦਰ ਪਵੇ ਬਿਨ ਆਸ਼ਕ ਨਜ਼ਰ ਸਰਾਫ ਨਹੀਂ,
ਯਾਕੂਤਾਂ ਦੀ ਕੀਮਤ ਜਾਣਨ ਨੈਣ ਜੋ ਰੋਵਣਹਾਰੇ ਵਾਹ।
ਹਰਦਮ 'ਗੋਯਾ' ਅੰਦਰ ਯਾਦੇ ਮਸਤਾਨੇ ਤਿਰੇ ਨੈਣਾਂ ਦੀ,
ਪ੍ਰੇਮ ਪਿਆਲੇ ਪੀਂਦੇ ਰਹਿੰਦੇ, ਆਸ਼ਕ ਦਿਲ ਹੁਸ਼ਿਆਰੇ ਵਾਹ ।
ਗ਼ਜ਼ਲ 3
ਬਦਿਹ ਸਾਕੀ ਮਰਾ ਯੱਕ ਜਾਮ ਜ਼ਾਂ ਰੰਗੀਨੀਇ ਦਿਲਹਾ ।
ਬਚਸ਼ਮਿ ਪਾਕ-ਬੀਂ ਆਸਾਂ ਕੁਨਮ ਈ ਜੁਮਲਾ ਮੁਸ਼ਕਿਲ ਹਾ ।
ਮਰਾ ਦਰ ਮੰਜ਼ਲਿ ਜਾਨਾਂ ਹਮਾ ਐਸ਼ੋ ਹਮਾ ਸ਼ਾਦੀ
ਜਰਸ ਬੇਹੂਦਹ ਮੀ-ਨਾਲਦ ਕੁਜਾ ਬੰਦੇਮ ਮਹਮਿਲ ਹਾ ।
ਖ਼ੁਦਾ ਹਾਜ਼ਿਰ ਬਵਦ ਦਾਯਮ ਬਬੀਂ ਦੀਦਾਰਿ ਪਾਕਿਸ਼ ਰਾ
ਨ ਗਿਰਦਾਬੇ ਦਰੂ ਹਾਇਲ ਨ ਦਰਯਾਓ ਨ ਸਾਹਿਲ ਹਾ ।
ਚਿਰ ਬੇਹੂਦਹ ਮੀਗਰਦੀ ਬ-ਸਹਿਰਾ ਓ ਬ-ਦਸ਼ਤ ਐ ਦਿਲ
ਚੂੰ ਆਂ ਸੁਲਤਾਨਿ ਖ਼ੂਬਾਂ ਕਰਦਹ ਅੰਦਰ ਦੀਦਹ ਮੰਜ਼ਿਲ ਹਾ ।
ਚੂ ਗ਼ੈਰ ਅਜ਼ ਜ਼ਾਤਿ-ਪਾਕਿਸ਼ ਨੀਸਤ ਦਰ ਹਰ ਜਾ ਕਿ ਮੀ-ਬੀਨਮ
ਬਗੇ ਗੋਯਾ ਕੁਜਾ ਬਿਗੁਜ਼ਾਰਮ ਈਂ ਦੁਨੀਆ ਓ ਐਹਲਿ ਹਾ ।
ਐ ਸਾਕੀ ! ਦਿਲਾਂ ਨੂੰ ਰੰਗ ਦੇਣ ਵਾਲੇ ਨਸ਼ੇ 'ਚੋਂ ਮੈਨੂੰ ਇਕ ਪਿਆਲਾ ਬਖਸ਼,
ਕਿ ਮੈ ਉਸ ਰੱਬ ਨੂੰ ਵੇਖਣ ਵਾਲੀ ਅੱਖ ਨਾਲ ਸਾਰੀਆਂ ਮੁਸ਼ਕਲਾਂ ਹੱਲ ਕਰ ਲਵਾਂ ।
ਮੈਨੂੰ ਤਾਂ ਉਸ ਮਿਤ੍ਰ ਪਿਆਰੇ ਦੀ ਮੰਜ਼ਿਲ ਵਲ ਵਧਦਿਆਂ ਸਦਾ ਆਨੰਦ ਹੀ ਆਨੰਦ ਹੈ,
ਡਾਚੀ ਗਲ ਪਈ ਟੱਲੀ ਐਵੈਂ ਪਈ ਵਜਦੀ ਹੈ, ਅਸੀਂ ਕਦੋਂ ਅੱਟਕਣ ਵਾਲੇ ਹਾਂ ।
ਰੱਬ ਤਾਂ ਸਦਾ ਹਾਜ਼ਰ ਨਾਜ਼ਰ ਹੈ, ਤੂੰ ਉਸ ਦੇ ਪਵਿਤਰ ਦੀਦਾਰੇ ਕਰ,
ਨਾ ਕੋਈ ਭੰਵਰ ਰਾਹ ਵਿਚ ਰੁਕਾਵਟ ਹੈ ਤੇ ਨਾ ਕੋਈ ਦਰਿਆ ਜਾਂ ਕੰਢਾ ।
ਤੂੰ ਕਿਉਂ ਪਿਆ ਜੰਗਲਾਂ ਜੂਹਾਂ ਵਿਚ ਮਾਰਾ ਮਾਰਾ ਫਿਰਦਾ ਹੈਂ,
ਜਦ ਕਿ ਉਸ ਸੋਹਣਿਆਂ ਦੇ ਸੁਲਤਾਨ ਨੇ ਤੇਰੀਆਂ ਅੱਖਾਂ ਵਿਚ ਆਪਣਾ ਡੇਰਾ ਬਣਾ ਰਖਿਆ ਹੈ ।
ਉਸ ਵਾਹਿਗੁਰੂ ਤੋਂ ਬਿਨਾਂ ਜਿੱਧਰ ਵੀ ਮੈ ਵੇਖਦਾ ਹਾਂ ਜਦ ਕੁਝ ਨਜ਼ਰ ਨਹੀਂ ਆਉਂਦਾ, ਤਾਂ ਗੋਯਾ, ਤੂੰ ਹੀ ਦੱਸ, ਭਲਾ ਮੈਂ ਇਸ ਦੁਨੀਆਂ ਅਤੇ ਘਰ ਬਾਰ ਨੂੰ ਕਿਵੇਂ ਤੇ ਕਿੱਥੇ ਛਡਾਂ ?
....................
ਭਰਕੇ ਪ੍ਰੇਮ ਪਿਆਲਾ ਮੈਨੂੰ ਸਾਕੀ ਦੇਹ ਸਿਆਣੇ ਵਾਹ ।
ਮਤਵਾਲੇ ਹੋ ਜਾਵਣ ਨੇਤਰ ਮੁਸ਼ਕਲ ਥੀਣ ਅਸਾਨੇ ਵਾਹ ।
ਰਾਹ ਪੀਆ ਦੇ ਅੰਦਰ ਮੈਨੂੰ ਖ਼ੁਸ਼ੀਆਂ ਤੇ ਸ਼ਦਿਆਨੇ ਨੇ,
ਘੰਟਾ ਟਨ ਟਨ ਕਰ ਸਿਰ ਖਾਵੇ ਕਿੱਧਰ ਕਰਾਂ ਸਮਾਨੇ ਵਾਹ ।
ਹਾਜ਼ਰ ਨਾਜ਼ਰ ਪ੍ਰੀਤਮ ਹੈ ਤੂੰ ਦੇਖ ਸੁਹਾਣਾ ਰੂਪ ਸਦਾ;
ਸ਼ਹੁ ਦਰਿਆ ਨਾ ਘੁੰਮਣਘੇਰੀ ਬੇੜੀ ਨਹੀਂ ਮੁਹਾਨੇ ਵਾਹ ।
ਜੰਗਲ ਬੇਲੇ ਅੰਦਰ ਫਿਰਦੀ ਲਭਦੀ ਹੀਰ ਦਿਵਾਨੀ ਕੀ ?
ਰਾਂਝਣ ਯਾਰ ਪਿਆਰੇ ਕੀਤੇ ਨੈਣਾਂ ਵਿੱਚ ਠਿਕਾਨੇ ਵਾਹ ।
ਨਾ ਕੁਈ ਦਿਸਦਾ ਬਾਝ ਪਿਆਰੇ ਜਿਤ ਵਲ ਨਜ਼ਰ ਕਰੇਨੇ ਹਾਂ,
ਛਡ 'ਗੋਯਾ' ਦੱਸ ਕਿਧਰ ਜਾਈਏ ਟੱਬਰ ਮਹਿਲ ਸੁਹਾਨੇ ਵਾਹ ।
ਗ਼ਜ਼ਲ 4
ਬਿਆ ਐ ਸਾਕੀਇ ਰੰਗੀਨ ਜ਼ਿ ਪੁਰ ਕੁਨ ਅੱਯਾਗ਼ ਈਂਜਾ ।
ਨਸ਼ਾਇ ਲਾਅਲ ਮੈ-ਗੂਨਤ ਜ਼ਿ ਹੱਕ ਬਖ਼ਸ਼ਦ ਸੁਰਾਗ਼ ਈਂਜਾ ।
ਅਨਲ-ਹੱਕ ਅਜ਼ ਲਬਿ ਮਨਸੂਰ ਗਰ ਚੂੰ ਸ਼ੀਸ਼ਾ ਕੁਲਕੁਲ ਕਰਦ
ਕਿਹ ਆਰਦ ਤਾਬਿ ਈਂ ਸਹਬਾ ਕੁਜਾ ਜ਼ਾਮਿ ਦਿਮਾਗ਼ ਈਂਜਾ ।
ਜਹਾਂ ਤਾਰੀਕ ਸ਼ੁਦ ਜਾਨਾਂ ਬਰ ਅਫ਼ਰੂਜ਼ ਈਂ ਕੱਦਿ ਰਾਅਨਾ,
ਨੁਮਾ ਰੁਖ਼ਸਾਰਾਇ ਤਾਬਾਂ ਕਿ ਮੀ-ਬਾਇਦ ਚਰਾਗ਼ ਈਂਜਾ ।
ਬੱਈਂ ਯੱਕ-ਦਮ ਕਿ ਯਾਦ ਆਇਦ ਤਵਾਂ ਉਮਰੇ ਬਸਰ ਬੁਰਦਨ
ਅਗਰ ਯਕਦਮ ਕਸੇ ਬਾਇਦ ਬਸ਼ੌਕਿ ਹੱਕ ਫ਼ਰਾਗ਼ ਈਂਜਾ ।
ਦੋ ਚਸ਼ਮਿ ਮਨ ਕਿ ਦਰਯਾਇ ਅਜ਼ੀਮੁੱਸ਼ਾਂ ਬਵਦ 'ਗੋਯਾ',
ਜ਼ਿ ਹਰ ਅਸ਼ਕਮ ਬਵਦ ਸ਼ਾਦਾਬੀਇ ਸਦ ਬਾਗ਼ ਬਾਗ਼ ਈਂਜਾ ।
ਆ ਸਾਕੀ ! ਇੱਥੇ ਪਿਆਲੇ ਨੂੰ ਰੰਗੀਨ ਸ਼ਰਾਬ ਨਾਲ ਭਰ ਦੇ,
ਲਾਲ ਰੰਗ ਦੀ ਸ਼ਰਾਬ ਦਾ ਨਸ਼ਾ ਇੱਥੇ ਉਸ ਰੱਬ ਦੀ ਸੂਹ ਬਖਸ਼ਦਾ ਹੈ ।
ਜੇਕਰ ਸੁਰਾਹੀ ਮਨਸੂਰ ਦੇ ਮੂੰਹੋਂ ਨਿਕਲੇ 'ਅਨੱਲਹੱਕ' ਵਾਂਗ ਕਿਧਰੇ ਕੁਲ ਕੁਲ ਦੀ ਆਵਾਜ਼ ਪੈਦਾ ਕਰੇ,
ਤਾਂ ਕੌਣ ਅਜਿਹੀ ਪ੍ਰਭਾਤੀ ਸ਼ਰਾਬ ਦੇ ਨਸ਼ੇ ਦੀ ਤਾਬ ਲਿਆਵੇਗਾ? ਅਤੇ ਕਿੱਥੇ ਹੈ ਅਜਿਹਾ ਦਿਮਾਗ ਦਾ ਪਿਆਲਾ ?
ਜਹਾਨ ਵਿਚ ਤਾਂ ਅੰਨ੍ਹੇਰਾ ਹੈ, ਐ ਪਿਆਰੇ! ਆਪਣੀ ਸੁੰਦਰਤਾ ਨੂੰ ਹੋਰ ਚਮਕਾ,
ਅਤੇ ਆਪਣਾ ਮੁਖੜਾ ਖੂਬ ਦਰਸਾ, ਕਿਉਂ ਜੋ ਇੱਥੇ ਦੀਵੇ ਦੀ ਲੋੜ ਹੈ ।
ਉਸ ਇਕ ਛਿਨ ਪਲ ਨਾਲ, ਜਦਕਿ ਉਸ ਦੀ ਯਾਦ ਆਵੇ,ਸਾਰੀ ਉਮਰਾ ਕੱਟੀ ਜਾ ਸਕਦੀ ਹੈ;
ਜੇ ਕਿਸੇ ਕੋਲ ਰੱਬ ਦੇ ਸ਼ੌਕ ਲਈ ਅਜਿਹੇ ਇਕ ਪਲ ਦੀ ਵਿਹਲ ਤਾਂ ਹੋਵੇ !
ਮੇਰੀਆਂ ਦੋਵੇਂ ਅਖਾਂ, ਗੋਯਾ, ਇਕ ਵੱਡੀ ਨਦੀ ਹਨ;
ਮੇਰੇ ਹਰ ਅੱਥਰੂ ਨਾਲ ਸੈਂਕੜੇ ਬਾਗ ਹਰੇ ਭਰੇ ਹੋ ਜਾਂਦੇ ਹਨ ।
......................
ਆ ਉਠ ਮੇਰੇ ਬਾਂਕੇ ਸਾਕੀ ਭਰਦੇ ਜਾਮ ਸੁਰਾਹੀ ਤੋਂ ।
ਮਨ ਮਤਵਾਲਾ ਥੀਵੇ ਮੇਰਾ ਵਾਕਫ਼ ਰਮਜ਼ ਇਲਾਹੀ ਤੋਂ ।
ਅੱਨਲਹੱਕੀ ਨਾਹਰਾ ਜੇਕਰ ਮਾਰਿਆ ਸ਼ਾਹ ਮਨਸੂਰ ਹੁਰਾਂ,
ਪੀਵੇ ਕੌਣ ਪਿਆਲਾ ਏਹ ਬਿਨ ਅਪਣੀ ਧੌਣ ਵਢਾਈ ਤੋਂ ।
ਜਗਤ ਅੰਧਾਰਾ ਧੁੰਦੂਕਾਰਾ ਰਾਹ ਨਾ ਕਾਈ ਦਿਸਦਾ ਏ,
ਦਰਸ਼ਨ ਜੋਤਿ ਜਗਾ ਕੇ ਅਪਣੀ ਤਮ ਨੂੰ ਹੋੜ ਲੁਕਾਈ ਤੋਂ ।
ਇਕ ਦਮ ਪ੍ਰੀਤਮ ਚੇਤੇ ਆਵੇਂ ਜਨਮ ਸਫ਼ਲ ਹੋ ਜਾਂਦਾ ਏ,
ਜੇ ਕੋਈ ਸ਼ੌਕ ਤੁਹਾਡਾ ਰਖ ਮਨ ਚੁੱਕੇ ਜਗ ਅਸ਼ਨਾਈ ਤੋਂ ।
ਨੈਣ ਜੋ ਮੇਰੇ ਦੀਦ ਪੀਆ ਬਿਨ ਵਾਂਗ ਨਦੀ ਦੇ ਵਹਿੰਦੇ ਨੇ,
ਬਾਗ਼ ਹਜ਼ਾਰਾਂ ਥੀਣ ਬਹਾਰਾਂ ਅੱਥਰੁ ਇਕ ਵਹਾਈ ਤੋਂ ।
ਗ਼ਜ਼ਲ 5
ਰਹਿ-ਰਸਾਨਿ ਰਾਹਿ ਹੱਕ ਆਮਦ ਅਦਬ ।
ਹਮ ਬਦਿਲ ਯਾਦਿ ਖ਼ੁਦਾ ਵ ਹਮ ਬਲਬ ।
ਹਰ ਕੁਜਾ ਦੀਦੇਮ ਅਨਵਾਰਿ ਖ਼ੁਦਾ
ਬਸਕਿ ਅਜ਼ ਸੁਹਬਤਿ ਬਜ਼ੁਰਗਾਂ ਸ਼ੁਦ ਜਜ਼ਬ ।
ਚਸ਼ਮਿ-ਮਾ ਗ਼ੈਰ ਅਜ਼ ਜਮਾਲਸ਼ ਵਾ ਨਾ ਸ਼ੁਦ
ਜ਼ਾਂ ਕਿ ਜੁਮਲਾ ਖ਼ਲਕ ਰਾ ਦੀਦੇਮ ਰੱਬ ।
ਖ਼ਾਕਿ ਕਦਮਸ਼ ਰੌਸ਼ਨੀਇ ਦਿਲ ਕੁਨਦ,
ਗਰ ਤੁਰਾਬਾ ਸਾਲਿਕਾਂ ਬਾਸ਼ਦ ਨਸਬ ।
ਕੀਸਤ 'ਗੋਯਾ' ਕੁ ਮੁਰਾਦਿ ਦਿਲ ਨਾ ਯਾਫ਼ਤ
ਹਰ ਕਸੇ ਬਾ ਨਫਸਿ ਖ਼ੁਦ ਕਰਦਾ ਗਜ਼ਬ ।
ਰੱਬ ਦੇ ਰਸਤੇ ਟੁਰਨ ਵਾਲੇ ਪਾਂਧੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਦਿਲ ਵਿਚ ਵੀ
ਉਸ ਦੀ ਯਾਦ ਹੋਵੇ ਅਤੇ ਉਨ੍ਹਾਂ ਦੇ ਬੁਲ੍ਹਾਂ ਪਰ ਵੀ ਉਸ ਦਾ ਸਿਮਰਨ ।
ਅਸਾਂ ਹਰ ਥਾਂ ਰੱਬ ਦੇ ਨੂਰ ਨੂੰ ਮਹਾਂ ਪੁਰਖਾਂ
ਦੀ ਸੰਗਤ ਵਿਚ ਜਜ਼ਬ ਹੁੰਦਿਆਂ ਵੇਖਿਆ ।
ਸਾਡੀ ਅੱਖ ਉਸ ਦੇ ਜਮਾਲ ਤੋਂ ਬਿਨਾਂ ਅਸਲੋਂ ਨਾ ਖੁਲੀ੍ਹ,
ਕਿਉਂ ਜੋ ਅਸਾਂ ਸਾਰੀ ਖਲਕਤ ਵਿਚ ਰੱਬ ਨੂੰ ਵੇਖਿਆ ।
ਉਸ ਦੇ ਚਰਨਾਂ ਦੀ ਧੂੜ ਦਿਲ ਨੂੰ ਚਾਨਣ ਕਰ ਦਿੰਦੀ ਹੈ,
ਜੇ ਤੇਰਾ ਇਸ ਰਾਹ ਤੇ ਚਲਣ ਵਾਲਿਆਂ ਨਾਲ ਸੰਬੰੰਧ ਹੋਵੇ ।
ਉਹ ਕੌਣ ਹੈ, ਗੋਯਾ, ਜਿਸ ਦੇ ਦਿਲ ਦੀ ਮੁਰਾਦ ਪੂਰੀ ਨਹੀਂ ਹੋਈ,
ਜਿਸ ਕਿਸੇ ਨੇ ਭੀ ਆਪਣੇ ਮਨ (ਹਉਮੈ) ਨੂੰ ਮਾਰ ਲਿਆ ਹੋਵੇ ।
.......................
ਮਹਿਬੂਬਾਂ ਦੇ ਕੂਚੇ ਅੰਦਰ ਨਾਲ ਗ਼ਰੀਬੀ ਜਾਈਦਾ ।
ਦਿਲ ਵਿੱਚ ਯਾਦ ਪੀਆ ਦੀ ਵੱਸੇ ਮੁੱਖ ਥੀਂ ਨਾਮ ਅਲਾਈਦਾ ।
ਜਿਤ ਵੱਲ ਨਜ਼ਰ ਤਿਤੇ ਵਾਲ ਸੱਜਨ ਅਪਣਾ ਨੂਰ ਦਿਖਾਂਦਾ ਏ,
ਪਰ ਇਹ ਨੂਰੀ ਦਰਸ਼ਨ ਮਿਲਕੇ ਸਾਧ ਸੰਗਤ ਵਿਚ ਪਾਈਦਾ ।
ਨੇਤਰ ਬੰਦ ਨ ਖੁਲ੍ਹਦੇ ਮੂਲੋਂ ਬਾਝੋਂ ਦਰਸ ਪਿਆਰੇ ਦੇ,
ਜਲ ਥਲ ਮਹੀਅਲ ਪੂਰ ਰਿਹਾ ਹੈ ਜਲਵਾ ਰੂਪ ਇਲਾਹੀ ਦਾ ।
ਚਰਨ ਧੂੜ ਨੈਣਾਂ ਦਾ ਸੁਰਮਾ ਚਾਨਣ ਦਿਲ ਵਿੱਚ ਕਰਦਾ ਏ,
ਮੁਰਸ਼ਦ ਕਾਮਲ ਸਤਿਗੁਰ ਨਾਨਕ ਭਾਗ ਵਡੇ ਜੇ ਪਾਈਦਾ ।
ਜਗ ਵਿਚ 'ਗੋਯਾ' ਕਿਸਨੇ ਅਪਣੀ ਦਿਲੀ ਮੁਰਾਦ ਨ ਪਾਈ ਏ,
ਨਾਲ ਵਿਕਾਰਾਂ ਜਿਸਨੇ ਸਨਮੁਖ ਬੱਧਾ ਲੱਕ ਲੜਾਈ ਦਾ ।
ਗ਼ਜ਼ਲ 6
ਜੇ ਦਿਲ ਸਮਝ ਵਾਲਾ ਹੋਵੇ, ਤਾਂ ਸੱਜਨ ਉਸ ਦੀ ਗਲਵਕੜੀ ਵਿਚ ਹੈ ।
ਅਤੇ ਅੱਖ ਜੇਕਰ ਵੇਖਣ ਵਾਲੀ ਹੋਵੇ ਤਾਂ ਹਰ ਪਾਸੇ ਦੀਦਾਰ ਹੀ ਦੀਦਾਰ ਹੈ ।
ਹਰ ਪਾਸੇ ਦੀਦਾਰੇ ਹਨ, ਪ੍ਰੰਤੂ ਵੇਖਣ ਵਾਲੀ ਅੱਖ ਕਿੱਥੇ ਹੈ ?
ਹਰ ਤਰਫ਼ ਤੂਰ ਦੀ ਪਹਾੜੀ ਹੈ, ਹਰ ਪਾਸੇ ਨੂਰ ਦਾ ਭਾਂਬੜ ਹੈ ।
ਜੇ ਤੇਰੇ ਕੋਲ ਸਿਰ ਹੈ, ਤਾਂ ਜਾ, ਜਾ ਕੇ ਸਿਰ ਨੂੰ ਉਸ ਦੇ ਚਰਨਾਂ ਤੇ ਧਰ ਦੇ,
ਅਤੇ ਜੇ ਤੇਰੇ ਪਾਸ ਜਾਨ ਹੈ ਅਤੇ ਤੈਨੂੰ ਲੋੜੀਂਦੀ ਹੈ, ਤਾਂ ਇਸ ਨੂੰ ਕੁਰਬਾਨ ਕਰ ਦੇ ।
ਜੇ ਤੇਰੇ ਪਾਸ ਹੱਥ ਹੈ, ਤਾਂ ਜਾਹ ਮਿਤ੍ਰ ਪਿਆਰੇ ਦਾ ਪੱਲਾ ਫੜ ਲੈ,
ਅਤੇ ਜੇ ਤੇਰੇ ਪੈਰਾਂ ਵਿਚ ਟੁਰਨ ਦੀ ਤਾਂਘ ਹੈ, ਤਾਂ ਉਸ ਸੱਜਨ ਵਲ ਨੂੰ ਟੁਰ ।
ਕੰਨ ਜੇ ਕਰ ਸੁਣਨ ਵਾਲੇ ਹੋਣ ਤਾਂ, ਰੱਬ ਦੇ ਨਾਮ ਬਿਨਾਂ ਕਦ ਕੁਝ ਹੋਰ ਸੁਣਦੇ ਹਨ ?
ਅਤੇ ਜੇ ਕਰ ਜੀਭਾ ਬੋਲਣ ਵਾਲੀ ਹੋਵੇ ਤਾਂ ਗੱਲ ਗੱਲ ਵਿਚ ਗੁੱਝੀ ਰਮਜ਼ ਹੋਵੇਗੀ ।
ਬ੍ਰਾਹਮਣ ਆਪਣੀ ਮੂਰਤੀ ਦਾ ਸ਼ਰਧਾਲੂ ਹੈ ਅਤੇ ਮੋਮਨ ਖ਼ਾਨਕਾਹ ਦਾ,
ਮੈਂ ਜਿੱਥੇ ਵੀ ਪ੍ਰੇਮ ਪਿਆਲਾ ਡਿੱਠਾ ਹੈ ਮਸਤ ਹੋ ਗਿਆ ਹਾਂ ।
ਬੇਅਦਬੀ ਨਾਲ ਮਨਸੂਰ ਵਾਂਗ ਪ੍ਰੀਤ ਦੀ ਰਾਹ ਉਤੇ ਕਦਮ ਨਾ ਰਖੀਂ,
ਇਸ ਰਾਹ ਤੇ ਚਲਣ ਵਾਲੇ ਪਾਂਧੀ ਦਾ ਪਹਿਲਾ ਕਦਮ ਤਾਂ ਸੂਲੀ aੁੱਤੇ ਹੁੰਦਾ ਹੈ ।
ਜੇ ਤੇਰੀ ਤਬੀਅਤ ਗੋਯਾ ਵਾਂਗ ਮੋਤੀ ਵਰ੍ਹਾਉਣ ਵਾਲੀ ਹੈ,
ਤਾਂ ਵੀ ਜੋ ਕੁਝ ਤੇਰੇ ਕੋਲ ਹੈ, ਆਪਣੇ ਸਜਨ ਤੋਂ ਵਾਰ ਦੇ ।
ਗ਼ਜ਼ਲ 7
ਤੇਰੀ ਗਲੀ ਦੇ ਮੰਗਤੇ ਨੂੰ ਬਾਦਸ਼ਾਹੀ ਦੀ ਇੱਛਾ ਨਹੀਂ ।
ਉਸ ਨੂੰ ਨਾ ਤਾਂ ਰਾਜ ਦੀ ਚਾਹ ਹੈ, ਨਾ ਹੀ ਬਾਦਸ਼ਾਹੀ ਟੇਢੀ ਟੋਪੀ ਦੀ ।
ਜਿਸ ਕਿਸੇ ਨੇ ਦਿਲ ਦਾ ਮੁਲਕ ਜਿੱਤ ਲਿਆ, ਸਮਝੋ ਉਹ ਸੁਲਤਾਨ ਹੋ ਗਿਆ ।
ਜਿਸ ਕਿਸੇ ਨੇ ਤੈਨੂੰ ਲੱਭ ਲਿਆ, ਸਮਝੋ, ਉਸ ਵਰਗਾ ਹੋਰ ਕੋਈ ਸਿਪਾਹੀ ਨਹੀਂ ।
ਤੇਰੀ ਗਲੀ ਦਾ ਭਿਖ-ਮੰਗਾ ਦੋਹਾਂ ਜਹਾਨਾਂ ਦਾ ਬਾਦਸ਼ਾਹ ਹੈ,
ਤੇਰੇ ਫੁਟਦੇ ਵਾਲਾਂ ਦੇ ਕੈਦੀ ਨੂੰ ਲੋੜ ਛੁਟਕਾਰੇ ਦੀ ਨਹੀਂ ।
ਕਿਹੜੀ ਹੈ ਉਹ ਅੱਖ, ਜਿਸ ਵਿਚ ਤੇਰੇ ਨੂਰ ਦੀ ਚਮਕ ਨਹੀਂ ?
ਕਿਹੜੀ ਹੈ ਉਹ ਛਾਤੀ, ਜਿਸ ਵਿਚ ਰੱਬੀ ਖ਼ਜ਼ਾਨੇ ਨਹੀਂ ?
ਉਸ ਤੋਂ ਕੁਰਬਾਨ ਹੋ ਜਾ, ਇਸ ਵਿਚ ਹੀਲ ਹੁੱਜਤ ਨਾ ਕਰ, ਐ ਗੋਯਾ!
ਕਿਉਂ ਜੋ ਸਾਡੀ ਰੀਤ ਵਿਚ ਹੀਲ ਹੁੱਜਤ ਦੀ ਕੋਈ ਥਾਂ ਨਹੀਂ ।
ਗ਼ਜ਼ਲ 8
ਅੱਖਾਂ ਅਗੋਂ ਉਹ ਨਾ-ਮਿਹਰਬਾਨ ਪਿਆਰਾ ਲੰਘ ਗਿਆ,
ਪਿਆਰਾ ਲੰਘਿਆ, ਕਿ ਅੱਖਾਂ ਰਾਹੀਂ ਜਾਨ ਲੰਘ ਗਈ ।
ਮੇਰੀਆਂ ਆਹਾਂ ਦਾ ਧੂੰਆਂ ਇੰਨਾ ਜ਼ਿਆਦਾ ਆਸਮਾਨ ਤੋਂ ਲੰਘ ਗਿਆ,
ਕਿ ਉਸ ਨੇ ਆਸਮਾਨ ਦਾ ਰੰਗ ਨੀਲਾ ਕਰ ਦਿੱਤਾ ਅਤੇ ਉਸ ਦਾ ਦਿਲ ਸਾੜ ਦਿੱਤਾ ।
ਉਸ ਨੇ ਸਾਨੂੰ ਆਪਣੀਆਂ ਭਵਾਂ ਦੇ ਇਕੋ ਇਸ਼ਾਰੇ ਨਾਲ ਸ਼ਹੀਦ ਕਰ ਦਿੱਤਾ,
ਪਰ ਹੁਣ ਕੋਈ ਇਲਾਜ ਨਹੀਂ ਜਦ ਕਿ ਤੀਰ ਕਮਾਨ ਤੋਂ ਨਿਕਲ ਗਿਆ ।
ਮੈਂ ਇਕ ਪਲ ਲਈ ਵੀ ਆਪਣੇ ਅਸਲੇ ਨੂੰ ਨਾ ਪਾ ਸਕਿਆ-ਨਾ ਜਾਣ ਸਕਿਆ ਕਿ ਮੈਂ ਕੌਣ ਹਾਂ ?
ਅਫ਼ਸੋਸ! ਮੇਰੀ ਜ਼ਿਦੰਗੀ ਦੀ ਰਾਸ ਸਭ ਐਵੇਂ ਹੀ ਚਲੀ ਗਈ ।
ਗੋਯਾ! ਜੇ ਇਕ ਵਾਰ ਵੀ ਕੋਈ ਪਿਆਰੇ ਦੀ ਗਲੀ ਵਲੋਂ ਲੰਘ ਗਿਆ,
ਉਹ ਮੁੜ ਕਦੀ ਬਹਿਸ਼ਤ ਦੇ ਬਾਗ ਦੀ ਸੈਰ ਲਈ ਨਹੀਂ ਜਾਂਦਾ ।
ਗ਼ਜ਼ਲ 9
ਤੇਰੇ ਮੁਖੜੇ ਦੇ ਸਾਮ੍ਹਣੇ ਚੰਨ ਵੀ ਸ਼ਰਮਿੰਦਾ ਹੈ ।
ਨਹੀਂ, ਸਗੋਂ ਜਹਾਨ ਦਾ ਸੂਰਜ ਵੀ ਤੇਰਾ ਗ਼ੁਲਾਮ ਹੈ ।
ਸਾਡੀ ਅੱਖ ਨੇ ਸਿਵਾਏ ਰੱਬ ਦੇ ਕਿਸੇ ਨੂੰ ਨਹੀਂ ਵੇਖਿਆ!
ਵਾਹ! ਕਿੰਨੀ ਸ਼ੁਭਾਗੀ ਹੈ ਉਹ ਅੱਖ ਜਿਹੜੀ ਕਿ ਰੱਬ ਨੂੰ ਵੇਖਣ ਵਾਲੀ ਹੈ ।
ਅਸਾਂ ਕਦੀ ਆਪਣੀ ਭਗਤੀ ਅਤੇ ਪਾਖੰਡ ਦੀ ਡੀਂਗ ਨਹੀਂ ਮਾਰਦੇ,
ਜੇ ਕਰ ਅਸੀਂ ਗੁਨਾਹਗਾਰ ਹਾਂ, ਤਾਂ ਰੱਬ ਬਖ਼ਸ਼ਣਹਾਰ ਹੈ ।
ਕਿਸੇ ਦੂਜੇ ਨੂੰ ਅਸੀਂ ਹੋਰ ਕਿਥੋਂ ਲਿਆਈਏ ?
ਇੱਕ ਦਾ ਹੀ ਇਸ ਦੁਨੀਆਂ ਵਿਚ ਬਥੇਰਾ ਰੌਲਾ ਪਿਆ ਹੋਇਆ ਹੈ ।
ਰੱਬ ਤੋਂ ਸਿਵਾਇ ਦੂਜਾ ਹਰਫ਼ ਕਦੀ ਵੀ ਗੋਯਾ ਦੇ ਬੁੱਲ੍ਹਾਂ ਤੇ ਨਹੀਂ ਆਉਂਦਾ,
ਕਿਉਂ ਜੋ ਰੱਬ ਬਖਸ਼ਣਹਾਰ ਹੈ ।
ਗ਼ਜ਼ਲ 10
ਸਾਡੀ ਮਹਿਫ਼ਲ ਵਿਚ ਤਾਂ ਬਿਨਾਂ ਪ੍ਰੀਤਮ ਦੇ ਹੋਰ ਕਿਸੇ ਦੀ ਕਥਾ ਕਹਾਣੀ ਨਹੀਂ ਹੁੰਦੀ ।
ਬਿਨਾਂ (ਸ਼ੱਕ ਦੇ) ਪਰਦੇ ਤੇ ਅੰਦਰ ਲੰਘ ਆ, ਇਸ ਸੰਗਤ ਵਿਚ ਕੋਈ ਓਪਰਾ ਨਹੀਂ ।
ਤਾਤ ਪਰਾਈ ਛੱਡ ਦੇ ਅਤੇ ਆਪਣੇ ਆਪ ਨੂੰ ਜਾਣ,
ਜੋ ਭੀ ਆਪਣੇ ਆਪ ਨੂੰ ਜਾਣ ਲੈਂਦਾ ਹੈ, ਉਹ ਰੱਬ ਤੋਂ ਉਪਰਾ ਨਹੀਂ ਹੈ ।
ਜਿਸ ਕਿਸੇ ਨੂੰ ਰੱਬ ਦੀ ਚਾਹ ਹੈ, ਉਹੀ ਦਿਲ ਦਾ ਸਾਹਿਬ ਹੈ !
ਇਹ ਕੰਮ ਨਾ ਹਰ ਕਿਸੇ ਚਾਤਰ ਦਾ ਹੈ, ਤੇ ਨਾ ਹੀ ਕਿਸੇ ਦੀਵਾਨੇ ਦਾ ।
ਹੇ ਨਸੀਹਤ ਕਰਨ ਵਾਲੇ, ਤੂੰ ਕਦ ਤਕ ਨਸੀਹਤਾਂ ਦੇ ਕਿੱਸੇ ਸੁਣਾਉਂਦਾ ਰਹੇਂਗਾ ?
ਇਹ ਤਾਂ ਮਸਤ ਰਿੰਦਾਂ ਦੀ ਮਜਲਿਸ ਹੈ, ਕੋਈ ਕਿੱਸੇ ਕਹਾਣੀਆਂ ਦੀ ਥਾਂ ਨਹੀਂ ।
ਇਹ ਰੱਬੀ ਖ਼ਜ਼ਾਨਾ ਦਿਲਾਂ ਦਿਆਂ ਮਾਲਕਾਂ ਕੋਲ ਹੁੰਦਾ ਹੈ,
ਤੂੰ ਬੀਆਬਾਨਾਂ ਵਿਚ ਕਿਉਂ ਜਾਂਦਾ ਹੈ ? ਉਹ ਉਜਾੜ ਦੇ ਖੂੰਜਿਆਂ ਵਿਚ ਨਹੀਂ ।
ਇਸ ਸ਼ੌਕ ਦੇ ਖ਼ਜ਼ਾਨੇ ਨੂੰ ਰੱਬ ਦੇ ਪਿਆਰਿਆਂ ਪਾਸੋਂ ਮੰਗ,
ਕਿਉਂ ਜੋ ਉਨ੍ਹਾਂ ਦੀ ਜਾਨ ਵਿਚ ਸਿਵਾਇ ਪਿਆਰੇ ਦੇ ਮੁਖੜੇ ਦੇ ਨਕਸ਼ਾਂ ਦੇ ਹੋਰ ਕੁਝ ਵੀ ਨਹੀਂ ।
ਕਦ ਤਕ ਤੂੰ ਇਸ ਤਰ੍ਹਾਂ ਕਹਿੰਦਾ ਰਹੇਂਗਾ, ਐ ਗੋਯਾ ! ਅਜਿਹੀਆਂ ਗੱਲਾਂ ਤੋਂ ਚੁਪ ਧਾਰ,
ਰੱਬ ਦੇ ਸ਼ੌਕ ਦਾ ਆਧਾਰ ਕਾਅਬੇ ਜਾਂ ਮੰਦਰ ਤੇ ਨਹੀਂ ਹੈ ।
ਗ਼ਜ਼ਲ 11
ਜੇਕਰ (ਮੇਰਾ) ਦਿਲ ਉਸ ਦੀ ਦੋਹਰੀ ਜ਼ੁਲਫ਼ ਦੇ ਫੰਧੇ 'ਚੋਂ ਲੰਘ ਜਾਵੇਗਾ,
ਤਾਂ ਸਮਝੋ, ਉਹ ਖ਼ੁਤਨ, ਚੀਨ, ਮਾਚੀਨ ਅਤੇ ਖ਼ਤਾਈ ਦੇਸ਼ਾਂ 'ਚੋਂ ਲੰਘ ਜਾਵੇਗਾ ।
ਤੇਰੇ ਮੁਖੜੇ ਦੀ ਇਕ ਨਜ਼ਰ ਦੋ ਜਹਾਨਾਂ ਦੀ ਬਾਦਸ਼ਾਹੀ ਹੈ,
ਤੇਰੀ ਜ਼ੁਲਫ਼ ਦਾ ਸਾਯਾ ਹੁਮਾ ਦੇ ਪਰਾਂ ਤੋਂ ਵੀ ਪਰ੍ਹਾਂ ਲੰਘ ਜਾਵੇਗਾ ।
ਉਮਰ ਦੀ ਇਸ ਵਿਸ਼ਾਲ ਧਰਤ ਨੂੰ ਸਮਝਣ ਤੇ ਪਾਉਣ ਦਾ ਜਤਨ ਕਰ,
ਕਿਉਂ ਜੋ ਇਸ ਸਵੇਰ ਦੀ ਹਵਾ ਦਾ ਮੈਨੂੰ ਕੁਝ ਪਤਾ ਨਹੀਂ ਕਿ ਇਹ ਕਿਧਰੋਂ ਆਈ ਤੇ ਕਿਧਰੋਂ ਲੰਘੇਗੀ ।
ਉਸ ਦਰਵੇਸ਼ ਦੀਆਂ ਨਜ਼ਰਾਂ ਵਿਚ, ਜਿਸ ਦੀ ਨਿਜੀ ਕੋਈ ਗਰਜ਼ ਨਹੀਂ,
ਇਸ ਜਹਾਨ ਦੀ ਬਾਦਸ਼ਾਹੀ ਰੌਲੇ ਰੱਪੇ ਤੋਂ ਵੱਧ ਹੋਰ ਕੁਝ ਨਹੀਂ ।
ਇਸ ਉਜਾੜ ਦੇਸ ਵਿਚ ਗੁਜ਼ਰਨ ਬਾਰੇ ਤੂੰ ਕੀ ਪੁਛਦਾ ਹੈਂ ?
(ਇਥੋਂ) ਬਾਦਸ਼ਾਹ ਨੇ ਵੀ ਗੁਜ਼ਰ ਜਾਣਾ ਹੈ ਅਤੇ ਫ਼ਕੀਰ ਨੇ ਵੀ ਗੁਜ਼ਰ ਜਾਣਾ ਹੈ ।
ਗੋਯਾ ਦੇ ਸ਼ਿਅਰ ਅੰਮ੍ਰਿਤ ਵਾਂਗ ਜ਼ਿੰਦਗੀ ਬਖ਼ਸ਼ਣ ਵਾਲੇ ਹਨ,
ਸਗੋਂ, ਪਵਿਤਰਤਾ ਵਿਚ ਤਾਂ ਇਹ ਅਮਰ-ਜੀਵਨ ਦੇ ਪਾਣੀ ਤੋਂ ਵੀ ਵੱਧ ਅਸਰ ਰੱਖਦੇ ਹਨ ।
ਗ਼ਜ਼ਲ 12
ਅੱਜ ਰਾਤ ਨੂੰ ਉਸ ਸੱਜਣ ਦੇ ਮੁਖੜੇ ਦੇ ਦੀਦਾਰ ਲਈ ਉਹ ਜਾ ਸਕਦਾ ਹੈ ।
ਉਹ ਉਸ ਚਾਲਾਕ ਅਤੇ ਪ੍ਰੇਮੀਆਂ ਦੇ ਘਾਤਕ ਮਾਸ਼ੂਕ ਵਲ ਜਾ ਸਕਦਾ ਹੈ ।
ਭਾਵੇਂ ਪ੍ਰੀਤ ਦੀ ਗਲੀ ਵਿਚ ਪੁਜਣਾ ਔਖਾ ਹੈ;
ਪਰੰਤੂ ਮਨਸੂਰ ਵਾਂਗ ਸੂਲੀ ਉੱਤੇ ਕਦਮ ਧਰ ਕੇ ਉਹ ਪੁੱਜ ਸਕਦਾ ਹੈ ।
ਹੇ ਦਿਲ ! ਜੇਕਰ ਤੂੰ ਮਦਰੱਸੇ ਜਾਣ ਦੀ ਰੁੱਚੀ ਨਹੀਂ ਰਖਦਾ,
(ਤਾਂ ਨਾ ਸਹੀ, ਘੱਟੋ ਘੱਟ) ਤੂੰ ਨਸ਼ੇ-ਖ਼ਾਨੇ ਵੱਲ ਤਾਂ ਜਾ ਸਕਦਾ ਹੈਂ ।
ਜਦ ਮੇਰਾ ਹਿਰਦਾ ਤੇਰੀ ਪ੍ਰੀਤੀ ਕਰਕੇ ਬਾਗ਼ ਲਈ ਵੀ ਰਸ਼ਕ ਦਾ ਕਾਰਨ ਬਣ ਗਿਆ ਹੈ,
ਤਾਂ ਇਹ ਕਿਵੇਂ ਫੁਲਵਾੜੀ ਵਲ ਨੂੰ ਜਾ ਸਕਦਾ ਹੈ ?
ਹੇ ਦਿਲ! ਜਦ ਤੂੰ ਰੱਬ ਦੇ ਭੇਤਾਂ ਤੋਂ ਵਾਕਿਫ ਹੋ ਗਿਆ,
ਤਾਂ ਹੇ ਭੇਤਾਂ ਦੇ ਖ਼ਜ਼ਾਨੇ, ਤੂੰ ਮੇਰੇ ਸੀਨੇ ਵਿਚ ਜਾ ਸਕਦਾ ਹੈਂ ।
ਜਦ ਘਰ ਵਿਚ ਹੀ ਜੱਨਤ ਦੇ ਸੈਂਕੜੇ ਬਾਗ ਖਿੜੇ ਹੋਏ ਹੋਣ,
ਤਾਂ, ਗੋਯਾ! ਇਨ੍ਹਾਂ ਹੋਰ ਇਮਾਰਤਾਂ ਵਲ ਕੋਈ ਕਿਵੇਂ ਜਾ ਸਕਦਾ ਹੈ ?
ਗ਼ਜ਼ਲ 13
ਤੂੰ ਅਖੀਰ ਵੇਖ ਲਿਆ ਕਿ ਉਸ ਰੱਬ ਦੇ ਢੁੰਡਾਊ ਨੇ ਰੱਬ ਦਾ ਹੀ ਰਾਹ ਫੜਿਆ ।
(ਸਮਝੋ) ਇਸ ਬਹੁ-ਮੁਲੀ ਆਯੂ ਦਾ ਨਫਾ ਉਸ ਨੇ ਪਰਾਫ਼ਤ ਕਰ ਲਿਆ ।
ਕੋਈ ਬੰਦਾ ਵੀ ਤੇਰੀ ਜ਼ੁਲਫ਼ ਦੇ ਘੇਰੇ ਤੋਂ ਬਾਹਰ ਨਹੀਂ,
ਮੇਰੇ ਵੀ ਦੀਵਾਨੇ ਦਿਲ ਨੂੰ ਏਹੀ ਸ਼ੁਦਾ ਹੋ ਗਿਆ ਹੈ ।
ਜਦ ਦੀ ਉਸ ਦੇ ਸੁੰਦਰ ਕੱਦ ਨੇ ਸਾਡੀਆਂ ਅੱਖਾਂ ਵਿਚ ਥਾਂ ਬਣਾਈ ਹੈ,
ਤਦ ਤੋਂ ਉਸ ਤੁਰਦੇ ਫਿਰਦੇ ਸਰੂ ਤੋਂ ਸਿਵਾਇ ਸਾਡੀਆਂ ਨਿਗਾਹਾਂ ਵਿਚ ਕੋਈ ਹੋਰ ਨਹੀਂ ਜਚਦਾ ।
ਲੈਲਾ ਦੀ ਊਠਣੀ ਦੇ ਗਲ ਪਈ ਟੱਲੀ ਦੀ ਆਵਾਜ਼ ਸੁਣ ਕੇ ਮੇਰਾ ਦਿਲ ਸ਼ੁਦਾਈ ਹੋ ਗਿਆ,
ਉਹ ਮਜਨੂ ਵਾਂਗ ਮਸਤ ਹੋ ਗਿਆ ਅਤੇ ਜੰਗਲ ਬੀਆਬਾਨ ਨੂੰ ਨਿਕਲ ਗਿਆ ।
ਜਦੋਂ ਤੋਂ ਉਸ ਦੀ ਪ੍ਰੀਤ ਕਥਾ ਮੇਰੇ ਦਿਲ ਵਿਚ ਆ ਟਿਕੀ ਹੈ,
ਮੈਨੂੰ ਸਿਵਾਏ ਉਸ ਸੱਚੀ ਯਾਦ ਤੋਂ ਹੋਰ ਕੁਝ ਚੰਗਾ ਨਹੀਂ ਲਗਦਾ ।
ਸਾਡੀ ਮੋਤੀ-ਵਰਸਾਉਣ ਵਾਲੀ ਅੱਖ ਨੇ ਪੋਸਤ ਦੇ ਫੁੱਲ ਵਰਗੇ ਆਬਦਾਰ ਮੋਤੀ ਰੱਖ ਲਏ,
ਤਾਂ ਜੋ ਤੂੰ ਇਕ ਛਿਨ ਲਈ ਆਵੇਂ ਅਤੇ ਉਹ ਤੇਰੇ ਸਿਰ ਤੋਂ ਵਾਰ ਕੇ ਸੁੱਟੇ ਜਾਣ ।
ਅੱਜ ਮੇਰੀ ਜਾਨ ਦੋਵਾਂ ਅੱਖਾਂ ਰਾਹੀਂ ਬਾਹਰ ਆ ਰਹੀ ਹੈ,
ਪਰ ਉਸ ਦੇ ਦੀਦਾਰ ਦੀ ਵਾਰੀ ਤਾਂ ਕਿਆਮਤ ਦੇ ਦਿਨ ਤੇ ਜਾ ਪਈ ।
ਮੇਰੀ ਜੀਭ ਉਪਰ ਰੱਬ ਦੀ ਸਿਫ਼ਤ ਤੋਂ ਬਿਨਾਂ ਕਦੇ ਹੋਰ ਕੋਈ ਚੀਜ਼ ਨਹੀਂ ਆਉਂਦੀ,
ਅਖ਼ੀਰ ਗੋਯਾ ਦੇ ਦਿਲ ਨੇ ਇਸ ਉਮਰ ਦਾ ਨਫ਼ਾ ਖਟ ਲਿਆ ।
ਗ਼ਜ਼ਲ 14
ਮੇਰਾ ਦਿਲ ਸੱਜਨ ਦੀ ਬ੍ਰਿਹਾ ਵਿਚ ਸੜ ਗਿਆ ।
ਮੇਰੀ ਜਾਨ ਉਸ ਸੋਹਣੇ (ਸਾਂਈਂ) ਲਈ ਸੜ ਮੋਈ ।
ਉਸ ਅੱਗ ਨਾਲ ਮੈ ਅਜਿਹਾ ਸੜਿਆ ਹਾਂ,
ਕਿ ਜਿਸ ਕਿਸ ਨੇ ਵੀ ਸੁਣਿਆ, ਉਹ ਵੀ ਚਨਾਰ ਵਾਂਗ ਸੜ ਗਿਆ ।
ਮੈਂ ਇਕੱਲਾ ਹੀ ਪ੍ਰੀਤ ਦੀ ਅੱਗ ਵਿਚ ਨਹੀਂ ਸੜਿਆ,
ਸਾਰਾ ਜਹਾਨ ਹੀ ਇਸ ਚਿੰਗਾੜੀ ਨਾਲ ਸੜਿਆ ਹੋਇਆ ਹੈ ।
ਸੱਜਨ ਦੇ ਬ੍ਰਿਹਾ ਦੀ ਅੱਗ ਵਿਚ ਸੜਨਾ,
ਕੀਮੀਆ ਵਾਂਗ ਕਿਸੇ ਸਫਲ ਪ੍ਰਯੋਜਨ ਲਈ ਸੜਨਾ ਹੈ ।
ਗੋਯਾ ਦੇ ਦਿਲ ਨੂੰ ਸਾਬਾਸ਼,
ਜਿਹੜਾ ਕਿ ਸੱਜਨ ਦੇ ਮੁਖੜੇ ਦੀ ਆਸ ਵਿਚ ਹੀ ਸੜ ਗਿਆ ।
ਗ਼ਜ਼ਲ 15
ਉਸ ਦੀਆਂ ਦੋ ਮਸਤ ਅਤੇ ਸ਼ੁਦਾਈ ਅੱਖਾਂ ਤੋਂ ਕੋਈ ਬਚਾਏ ।
ਉਸ ਦੇ ਮਿਸਰੀ ਚੱਬਣ ਵਾਲੇ ਮੂੰਹ ਅਤੇ ਹੋਠਾਂ ਤੋਂ ਕੋਈ ਬਚਾਏ ।
ਅਫ਼ਸੋਸ ਹੈ ਉਸ ਛਿਨ ਪਲ ਦਾ, ਜਿਹੜਾ ਅਕਾਰਥ ਚਲਾ ਗਿਆ,
ਅਫ਼ਸੋਸ ਹੈ ਸਾਡੀ ਅਣਗਹਿਲੀ ਤੇ, ਅਫ਼ਸੋਸ ਹੈ ਸਾਡੀ ਗਫ਼ਲਤ ਤੇ ।
ਕੁਫ਼ਰ ਅਤੇ ਦੀਨ ਦੇ ਝਗੜੇ ਤੋਂ ਦਿਲ ਪਰੇਸ਼ਾਨ ਹੈ,
ਰੱਬ ਦੀ ਦਰਗਾਹ ਦੇ ਦਰਵਾਜ਼ੇ ਪਰ ਕੋਈ ਬਚਾਏ ।
ਸ਼ੋਖ਼ ਅਤੇ ਗੁਸਤਾਖ਼ ਮਾਸ਼ੂਕਾਂ ਨੇ ਸੰਸਾਰ ਨੂੰ ਲੁੱਟ ਲਿਆ,
ਮੈਂ ਉਨ੍ਹਾਂ ਦੇ ਹਥੋਂ ਹੀ ਦੁਹਾਈ ਦੇ ਰਿਹਾ ਹਾਂ-ਕੋਈ ਬਚਾਏ ।
ਉਸ ਦੀਆਂ ਪਲਕਾਂ ਦੇ ਖ਼ੰਜਰ ਹੱਥੋਂ
ਗੋਯਾ ਕਿਵੇਂ ਚੁੱਪ ਰਹਿ ਸਕਦਾ ਹੈ ? ਦੁਹਾਈ ਹੈ–ਕੋਈ ਬਚਾਏ ।
ਗ਼ਜ਼ਲ 16
ਇਕ ਮਸਤ ਨੂੰ ਤਾਂ ਲਾਲ ਰੰਗ ਦੇ ਜਾਮ ਨਾਲ ਗਰਜ਼ ਹੈ,
ਅਤੇ ਇਕ ਤਿਹਾਏ ਨੂੰ ਠੰਢੇ ਮਿੱਠੇ ਪਾਣੀ ਦੀ ਲੋੜ ਹੈ ।
ਰੱਬ ਦੇ ਭਗਤਾਂ ਦੀ ਸੰਗਤ ਨੂਰ ਨਾਲ ਭਰੀ ਪਈ ਹੈ,
ਰੱਬ ਦੇ ਢੂੰਡਾਊਆਂ ਨੂੰ ਬਸ ਇਸੇ ਦੀ ਹੀ ਲੋੜ ਹੈ ।
ਤੂੰ ਆਪਣੀ ਮੁਸਕਾਨ ਨਾਲ ਜਹਾਨ ਨੂੰ ਬਾਗ਼ ਬਣਾ ਦਿੱਤਾ ਹੈ,
ਜਿਸ ਨੇ ਉਸ ਨੂੰ ਵੇਖ ਲਿਆ, ਉਸ ਨੂੰ ਮਾਲੀ ਦੀ ਕੀ ਲੋੜ ਹੈ ?
ਤੇਰੀ ਇੱਕ ਮੁਹੱਬਤ ਭਰੀ ਨਿਗਾਹ ਦਿਲ ਲੈ ਉੱਡਦੀ ਹੈ,
ਪਰ ਫਿਰ ਵੀ ਮੈਨੂੰ ਉੱਸੇ ਦੀ ਲੋੜ ਹੈ ।
ਗੋਯਾ! ਤੇਰੇ ਬਿਨਾਂ ਦੋਹਾਂ ਜਹਾਨਾਂ ਵਿਚ ਹੋਰ ਕੋਈ ਨਹੀਂ,
ਮੈਨੂੰ ਤਾਂ ਦਿਲ ਅਤੇ ਦੀਨ ਦੀ ਕੇਵਲ ਤੇਰੇ ਲਈ ਲੋੜ ਹੈ ।
ਗ਼ਜ਼ਲ 17
ਤੇਰੀ ਇਹ ਅੰਬਰ ਵਰਗੀ ਕਾਲੀ ਜ਼ੁਲਫ਼ ਮਾਨੋ ਸਵੇਰ ਦਾ ਬੁਰਕਾ ਹੈ,
ਜਿਵੇਂ ਕਿਧਰੇ ਸਵੇਰ ਦਾ ਸੂਰਜ ਕਾਲੇ ਬੱਦਲ ਹੇਠ ਲੁਕ ਗਿਆ ਹੈ ।
ਜਦ ਮੇਰਾ ਚੰਨ ਸਵੇਰ ਦੀ ਨੀਂਦਰ ਤੋਂ ਉਠ ਕੇ ਬਾਹਰ ਆਇਆ,
ਤਾਂ ਮਾਨੋ ਸਵੇਰ ਦੇ ਸੂਰਜ ਦੇ ਮੁਖੜੇ ਨੂੰ ਉਸ ਸੌ ਲਾਅਨਤਾਂ ਪਾਈਆਂ ।
ਜਦ ਤੂੰ ਉਨੀਂਦੀਆਂ ਅੱਖਾਂ ਨਾਲ ਬਾਹਰ ਆਇਆ,
ਤਾਂ ਤੇਰੇ ਮੁਖੜੇ ਨੂੰ ਵੇਖ ਕੇ ਸਵੇਰ ਦਾ ਸੂਰਜ ਸ਼ਰਮਿੰਦਾ ਹੋ ਗਿਆ ।
ਜਦ ਸਵੇਰ ਦਾ ਸੂਰਜ ਆਪਣੇ ਮੁਖੜੇ ਤੋਂ ਬੁਰਕਾ ਲਾਹੁੰਦਾ ਹੈ,
ਆਪਣੀ ਸੁਭਾਗੀ ਆਮਦ ਨਾਲ ਜਹਾਨ ਨੂੰ ਰੋਸ਼ਨ ਕਰ ਦਿੰਦਾ ਹੈ ।
ਜਗਿਆਸੂਆਂ ਦੀ ਜ਼ਿੰਦਗੀ ਨਿਤ ਦਾ ਜਗਰਾਤਾ ਹੈ,
ਗੋਯਾ! ਮੇਰੇ ਲਈ ਅਗੋਂ ਤੋਂ ਸਵੇਰ ਦੀ ਨੀਂਦ ਹਰਾਮ ਹੈ ।
ਗ਼ਜ਼ਲ 18
ਇਹ ਸ਼ੋਖ਼ ਅੱਖ ਮੇਰਾ ਦੀਨ ਅਤੇ ਦਿਲ ਲੈ ਜਾਂਦੀ ਹੈ ।
ਇਹ ਸ਼ੋਖ਼ ਅੱਖ ਮੈਨੂੰ ਗ਼ਮਾਂ ਦੇ ਖੂਹ 'ਚੋਂ ਬਾਹਰ ਕੱਢਦੀ ਹੈ ।
ਉਸ ਦੀ ਲਿੱਟ ਦੁਨੀਆਂ ਵਿਚ ਆਫ਼ਤ ਮਚਾ ਦਿੰਦੀ ਹੈ,
ਅਤੇ ਇਹ ਸ਼ੋਖ਼ ਅੱਖ ਦੁਨੀਆਂ ਨੂੰ ਰੋਣਕਾਂ ਬਖ਼ਸ਼ਦੀ ਹੈ ।
ਦਿਲ ਸੱਜਨ ਦੇ ਚਰਨਾਂ ਦੀ ਧੂੜ ਹੋ ਜਾਵੇ,
ਅਤੇ ਇਹ ਸ਼ੋਖ ਅੱਖ ਰੱਬ ਦਾ ਰਾਹ ਦੱਸਣ ਵਾਲੀ ਹੋ ਜਾਵੇ ।
ਜਿਸ ਨੇ ਉਸ ਸ਼ੋਖ਼ ਅੱਖ ਦਾ ਇਕ ਵਾਰ ਸਵਾਦ ਚੱਖ ਲਿਆ ਹੈ,
ਉਹ ਨਰਗਸ ਦੇ ਫੁੱਲ ਵਲ ਅੱਖ ਚੁੱਕ ਕੇ ਕਦ ਵੇਖਦਾ ਹੈ ।
ਜਿਸ ਕਿਸੇ ਨੇ ਉਸ ਸ਼ੋਖ਼ ਅੱਖ ਨੂੰ ਇਕ ਨਜ਼ਰੇ ਵੀ ਵੇਖ ਲਿਆ,
ਉਸ ਦੇ ਦਿਲ ਦਾ ਭਰਮ ਦੂਰ ਹੋ ਗਿਆ ।
ਗ਼ਜ਼ਲ 19
ਹੋਸ਼ ਵਿਚ ਆ, ਕਿ ਨਵੀਂ ਬਹਾਰ ਦਾ ਸਮਾਂ ਆ ਗਿਆ ਹੈ,
ਬਹਾਰ ਆ ਗਈ ਹੈ, ਯਾਰ ਆ ਗਿਆ ਹੈ ਅਤੇ ਦਿਲ ਨੂੰ ਸ਼ਾਂਤੀ ਆ ਗਈ ਹੈ ।
ਅੱਖ ਦੀ ਪੁਤਲੀ ਵਿਚ ਉਸ ਦਾ ਜਲਵਾ ਇੰਨਾ ਸਮਾ ਚੁਕਾ ਹੈ,
ਕਿ ਉਹ ਜਿਧੱਰ ਵੀ ਵੇਖਦੀ ਹੈ, ਮਿਤ੍ਰ ਪਿਆਰੇ ਦਾ ਹੀ ਮੁਖੜਾ ਦਿਸਦਾ ਹੈ ।
ਜਿਧਰੇ ਮੇਰੀ ਅੱਖ ਜਾਂਦੀ, ਮੈਂ ਵੀ ਉਧਰ ਹੀ ਜਾਂਦਾ ਹਾਂ, ਕੀ ਕਰਾਂ,
ਇਸ ਮੁਆਮਲੇ ਵਿਚ ਭਲਾ ਸਾਡੇ ਵਸ ਹੀ ਕੀ ਹੈ ?
ਦਾਅਵੇਦਾਰ ਦੋਸਤਾਂ ਪਾਸ ਕਿਸੇ ਖ਼ਬਰ ਲਿਆਂਦੀ ਕਿ ਅਜ ਰਾਤੀਂ
'ਅਨਲਹੱਕ (ਮੈਂ ਰੱਬ ਹੀ ਹਾਂ) ਕਹਿੰਦਾ ਹੋਇਆ ਮਨਸੂਰ ਸੂਲੀ ਵਲ ਜਾ ਰਿਹਾ ਸੀ ।
ਫੁੱਲਾਂ ਨੂੰ ਖ਼ਬਰ ਦੇ ਦਿਓ ਕਿ ਸਾਰੇ ਖਿੜ ਜਾਣ,
ਇਸ ਖ਼ੁਸ਼ਖਬਰੀ ਵਿਚ ਜਿਹੜੀ ਉਸ ਗਾਉਂਦੀ ਬੁਲਬੁਲ ਵੱਲੋਂ ਆਈ ਹੈ ।
ਖ਼ੁਦਾ ਗ਼ੈਰਤ ਕਰਕੇ ਅੱਡ ਰਿਹਾ ਅਤੇ ਮੈਂ ਉਂਝ ਹੈਰਾਨ ਰਿਹਾ,
ਤੇਰੇ ਸ਼ੌਕ ਦੀ ਕਹਾਣੀ ਦਾ ਕੋਈ ਅੰਤ ਨਹੀਂ ।
ਗੋਯਾ ਤੇਰੀ ਜੁਲਫ਼ ਦੇ ਕੁੰਡਲ ਦਾ ਧਿਆਨ ਧਰਦਾ ਹੈ,
ਇਸ ਲਈ, ਕਿ ਸ਼ੌਕ ਦੇ ਕਾਰਣ ਦਿਲ ਭਟਕਦਾ ਪਿਆ ਹੈ ।
ਗ਼ਜ਼ਲ 20
ਸਖ਼ਤ ਜਾਨ ਆਸ਼ਕ ਦੀ ਦਵਾ ਭਲਾ ਵੈਦ ਕੀ ਕਰ ਸਕਦਾ ਹੈ ?
ਜਦ ਤੇਰੀਆਂ ਹੀ ਲਤਾਂ ਲੰਙੀਆਂ ਹਨ,ਰਾਹ ਵਿਖਾਉਣ ਵਾਲਾ ਕੀ ਕਰ ਸਕਦਾ ਹੈ ?
ਉਸ ਦਾ ਹਰ ਜਲਵਾ ਹਰ ਥਾਂ ਬਿਨਾਂ ਘੁੰਡ ਦੇ ਰੂਪਮਾਨ ਹੈ,
ਤੂੰ ਤਾਂ ਆਪ ਹਊਮੈ ਦੇ ਪਰਦੇ ਹੇਠ ਹੈਂ, ਚੰਨ ਵਰਗਾ ਸੋਹਣਾ ਭਲਾ ਕੀ ਕਰੇ ?
ਤੈਨੂੰ ਜਿਸ ਨੂੰ ਕਿ ਰਤਾ ਵੀ ਦਿਲ ਦਾ ਟਿਕਾਓ ਪ੍ਰਾਪਤ ਨਹੀਂ,
ਉਸ ਲਈ ਕੋਈ ਸ਼ਾਂਤ-ਥਾਂ ਜਾਂ ਕਿਸੇ ਹਵੇਲੀ ਦੀ ਸੁੰਦਰ ਨੁੱਕਰ ਕੀ ਕਰ ਸਕਦੀ ਹੈ ?
ਬਿਨਾਂ ਪ੍ਰੀਤ ਦੇ ਹਾਦੀ ਦੇ ਤੂੰ ਭਲਾ ਕਿਵੇਂ ਸੱਜਨ ਦੀ ਦਰਗਾਹੇ ਪਹੁੰਚ ਸਕਦਾ ਹੈਂ ?
ਤੇਰੇ ਸ਼ੌਕ ਦੇ ਜਜ਼ਬੇ ਤੋਂ ਬਿਨਾਂ ਭਲਾ ਰਾਹ ਵਿਖਾਉਣ ਵਾਲਾ ਕੀ ਕਰ ਸਕਦਾ ਹੈ ?
ਹੇ ਗੋਯਾ! ਜਦ ਤੂੰ ਗੁਰੂ ਜੀ ਦੀ ਚਰਨਧੂੜ ਨੂੰ ਆਪਣੇ ਨੇਤ੍ਰਾਂ ਲਈ ਸੁਰਮਾਂ ਬਣਾ ਲਵੇਂਗਾ,
ਤਾਂ ਤੂੰ ਰੱਬ ਦਾ ਜਲਵਾ ਵੇਖ ਸਕੇਂਗਾ, ਤੇਰੇ ਲਈ (ਹੋਰ ਕੋਈ) ਸੁਰਮਾਂ ਕਿਸ ਕੰਮ ?
ਗ਼ਜ਼ਲ 21
ਚੜ੍ਹਦੇ ਦੀ ਪੌਣ ਜਦ ਉਸ ਦੀਆਂ ਲਿਟਾਂ ਦੇ ਘੁੰਗਰਾਂ ਦੀ ਕੰਘੀ ਕਰਦੀ ਹੈ ।
ਤਾਂ ਸਮਝੋ ਮੇਰੇ ਦੀਵਾਨੇ ਦਿਲ ਲਈ ਇਕ ਅਜੀਬ ਜ਼ੰਜੀਰ ਬਣਾਉਦੀ ਹੈ ।
ਆਦਿ ਸਮੇਂ ਤੋਂ ਹੀ ਅਸੀਂ ਮਨੁੱਖ ਦੇ ਇਸ ਢਾਂਚੇ ਨੂੰ ਨਹੀਂ ਸਮਝਿਆ
ਕਿ ਰੱਬ ਇਹ ਆਪਣੇ ਰਹਿਣ ਲਈ ਘਰ ਬਣਾਉਂਦਾ ਪਿਆ ਹੈ ।
ਆਸ਼ਕ ਦਾ ਦਿਲ ਥੋੜ੍ਹੇ ਸਮੇਂ ਵਿਚ ਹੀ ਮਾਸ਼ੂਕ ਬਣ ਜਾਂਦਾ ਹੈ, ਹਰ ਉਹ ਬੰਦਾ
ਜੋ ਮਾਸ਼ੂਕ ਨਾਲ ਬਣਾਈ ਰਖਦਾ ਹੈ, ਆਪ ਸਿਰ ਤੋਂ ਪੈਰਾਂ ਤੱਕ ਜਾਨ ਬਣ ਜਾਂਦਾ ਹੈ ।
ਰੋਟੀ ਦੇ ਇਕ ਟੁਕੜੇ ਲਈ ਤੂੰ ਕਿਉਂ ਹਰ ਕਮੀਨੇ ਮਗਰ ਨੱਸਦਾ ਫਿਰਦਾ ਹੈਂ,
ਤੂਂ ਵੇਖਿਆ ਹੀ ਹੈ ਕਿ ਲੋਭ ਬੰਦੇ ਨੂੰ ਇਕ ਦਾਣੇ ਲਈ ਕੈਦੀ ਬਣਾ ਦਿੰਦਾ ਹੈ ।
ਐ ਗੋਯਾ! ਤੂੰ ਲੈਲਾ ਦਾ ਹਾਲ ਸਿਰ-ਫਿਰੇ ਦਿਲ ਨੂੰ ਨਾ ਦੱਸੀਂ,
ਕਿਉਕਿ ਮਜਨੂੰ ਦੀ ਵਿੱਥਿਆ ਮੇਰੇ ਜਿਹੇ ਦੀਵਾਨੇ ਨੂੰ ਹੀ ਰਾਸ ਆਉਂਦੀ ਹੈ ।
ਗ਼ਜ਼ਲ 22
ਲੋਕੀ ਅਠਾਰਾਂ ਹਜ਼ਾਰ ਸਿਜਦੇ ਤੇਰੇ ਪਾਸੇ ਵੱਲ ਕਰਦੇ ਹਨ ।
ਹਰ ਵਕਤ ਉਹ ਤੇਰੀ ਗਲੀ ਦੇ ਕਾਅਬੇ ਦੀ ਪਰਕਰਮਾ ਕਰਦੇ ਹਨ ।
ਜਿੱਥੇ ਵੀ ਉਹ ਵੇਖਦੇ ਹਨ, ਤੇਰਾ ਹੀ ਜਮਾਲ ਵੇਖਦੇ ਹਨ,
ਦਿਲਾਂ ਦੇ ਮਹਿਰਮ ਤੇਰੇ ਮੁਖੜੇ ਦਾ ਦੀਦਾਰ ਕਰਦੇ ਹਨ ।
ਉਨ੍ਹਾਂ ਆਪਣੀ ਜਾਨ ਤੇਰੇ ਸੁੰਦਰ ਕੱਦ ਤੋਂ ਵਾਰ ਦਿਤੀ ਹੈ,
ਉਹ ਮੁਰਦਾ ਦਿਲਾਂ ਨੂਂ ਤੇਰੀ ਸੁਗੰਧੀ ਨਾਲ ਸੁਰਜੀਤ ਕਰਦੇ ਹਨ ।
ਤੇਰਾ ਮੁਖੜਾ ਰੱਬ ਦਾ ਦਰਸ਼ਨ ਕਰਾਉਣ ਵਾਲਾ ਸ਼ੀਸ਼ਾ ਹੈ,
ਉਹ ਰੱਬ ਦਾ ਦੀਦਾਰ ਤੇਰੇ ਮੁਖੜੇ ਦੇ ਸ਼ੀਸ਼ੇ ਰਾਹੀਂ ਕਰਦੇ ਹਨ ।
ਕਾਲੇ ਦਿਲਾਂ ਵਾਲੇ, ਜਿਨਾ੍ਹਂ ਦੀਆਂ ਅੱਖਾਂ ਨਹੀਂ, ਇਸ ਗਲ ਤੋਂ ਅਜ਼ਾਦ ਹਨ,
ਕਿ ਸੂਰਜ ਨੂੰ ਤੇਰੇ ਮੁਖੜੇ ਦੇ ਸਾਮ੍ਹਣੇ ਲਿਆ ਖੜਾ ਕਰਦੇ ਹਨ ।
ਤੇਰੇ ਸ਼ੌਕ ਵਿਚ ਮਸਤ ਆਸ਼ਕ ਜਹਾਨ ਨੂੰ ਰੌਲੇ ਨਾਲ ਭਰ ਦਿੰਦੇ ਹਨ,
ਉਹ ਸੈਂਕੜੇ ਜਾਨਾਂ ਤੇਰੇ ਵਾਲ ਦੀ ਇਕ ਤਾਰ ਤੋਂ ਕੁਰਬਾਨ ਕਰ ਦਿੰਦੇ ਹਨ ।
ਜਦ ਤੇਰੇ ਮੁਖੜੇ ਦੀ ਚਰਚਾ ਹਰ ਪਾਸੇ ਛਿੜਦੀ ਹੈ,
ਤਾਂ ਤੇਰੇ ਜਮਾਲ ਦੇ ਪਰਦੇ ਵਿਚ ਸਾਰਾ ਜਹਾਨ ਰੌਸ਼ਨ ਹੋ ਜਾਂਦਾ ਹੈ ।
ਤੇਰੇ ਪ੍ਰੇਮ ਦੇ ਮਤਵਾਲੇ ਗੋਯਾ ਵਾਂਗ ਸਦਾ ਆਪਣੀ ਆਵਾਜ਼ ਨੂੰ
ਤੇਰੀ ਖ਼ੁਸ਼ਬੋ ਨਾਲ ਸੁਰੀਲੀ ਬਣਾ ਲੈਂਦੇ ਹਨ ।
ਗ਼ਜ਼ਲ 23
ਐ, ਕਿ ਤੇਰੀ ਅੱਖਾਂ ਦੀ ਗਰਦਿਸ਼ ਤਾਂ ਦਿਨਾਂ ਵਿਚ ਵੀ ਨਹੀਂ,
ਆਸਮਾਨ ਦਾ ਸੂਰਜ ਤੇਰੇ ਮੁਖੜੇ ਦੇ ਸਾਮ੍ਹਣੇ ਰਤਾ ਅਰਥ ਨਹੀਂ ਰਖਦਾ ।
ਮੌਤ ਦਾ ਹੇੜੀ ਆਸ਼ਕ ਦੇ ਦਿਲ ਨੂੰ ਫੜਨ ਲਈ
ਤੇਰੀ ਜ਼ੁਲਫ਼ ਦੇ ਫੰਧੇ ਵਰਗਾ ਹੋਰ ਕੋਈ ਜਾਲ ਨਹੀਂ ਰਖਦਾ ।
ਇਸ ਬਹੁ-ਮੁੱਲੀ ਉਮਰ ਨੂੰ, ਅਖ਼ੀਰ,ਗਨੀਮਤ ਸਮਝ,
ਅਸਾਂ ਕੋਈ ਅਜਿਹੀ ਸਵੇਰ ਨਹੀਂ ਵੇਖੀ, ਜਿਸ ਦੀ ਸ਼ਾਮ ਨਾ ਹੋਈ ਹੋਵੇ ।
ਮੈਂ ਕਦ ਤਕ ਆਪਣੇ ਦਿਲ ਨੂੰ ਦਿਲਾਸਾ ਦਿਆਂ ,
ਤੇਰਾ ਮੁਖੜਾ ਵੇਖੇ ਬਿਨਾਂ ਦਿਲ ਨੂੰ ਚੈਨ ਨਹੀਂ ਆਉਂਦੀ ।
ਇਸ ਮੋਤੀ ਵਸਾਉਣ ਵਾਲੀ ਅੱਖ ਨੂੰ, ਐ ਗੋਯਾ, ਜਿਹੜੀ ਕਿ ਸਮੁੰਦਰ ਬਣ ਗਈ ਹੈ,
ਦਿਲ ਨੂੰ ਆਰਾਮ ਪਹੁੰਚਾਉਣ ਵਾਲੇ ਤੇਰੇ ਮੁਖੜੇ ਬਿਨਾਂ ਆਰਾਮ ਨਹੀਂ ।
ਗ਼ਜ਼ਲ 24
ਜਦ ਤਕ ਤੇਰੇ ਜਾਨ ਵਧਾਉਣ ਵਾਲੇ ਲਾਲ ਹੋਠ ਬੋਲਦੇ ਨਹੀਂ,
ਸਾਡੇ ਦਰਦਾਂ ਦੀ ਦਵਾ ਵੀ ਪੈਦਾ ਨਹੀਂ ਹੋ ਸਕਦੀ ।
ਪਿਆਸੇ ਹੋਠਾਂ ਨੂੰ ਤੇਰੇ ਹੋਠਾਂ ਦੇ ਅੰਮ੍ਰਿਤ ਦੀ ਲਾਲਸਾ ਹੈ,
ਸਾਡੀ ਤਸੱਲੀ ਖਿਜ਼ਰ ਜਾਂ ਮਸੀਹਾ ਤੋਂ ਭੀ ਨਹੀਂ ਹੋ ਸਕਦੀ ।
ਸਾਨੂੰ ਅਜੇਹਾ ਦਿਲ ਦਾ ਦਰਦ ਲਗਾ ਹੋਇਆ ਹੈ, ਕਿ ਜਿਸ ਦਾ ਕੋਈ ਇਲਾਜ ਨਹੀਂ,
ਜਦ ਤਕ ਅਸੀਂ ਜਾਨ ਨਹੀਂ ਦੇ ਦਿੰਦੇ ਆਰਾਮ ਨਹੀਂ ਹੋ ਸਕਦਾ ।
ਮੈਂ ਆਖਿਆ, ਤੇਰੀ ਇਕ ਨਿਗਾਹ ਬਦਲੇ ਅਸੀਂ ਜਾਨ ਹਾਜ਼ਿਰ ਕਰਦੇ ਹਾਂ,
ਉਸ ਆਖਿਆ, ਸਾਡੇ ਤੁਹਾਡੇ ਵਿਚਕਾਰ (ਅਜਿਹਾ) ਸੌਦਾ ਨਹੀਂ ਹੋ ਸਕਦਾ ।
ਚੰਨ ਵਰਗੇ ਸੋਹਣਿਆਂ ਦੀਆਂ ਗੰਢਾਂ ਲਗੀਆਂ ਜ਼ੁਲਫ਼ਾਂ ਦੀ ਲਾਲਸਾ ਵਿਚ,
ਮੈਂ ਜਾਂਦਾ ਤਾਂ ਹਾਂ, ਪਰ ਮੇਰੇ ਦਿਲ ਦੀ ਗੰਢ (ਤੇਰੇ ਬਾਝੋਂ) ਨਹੀਂ ਖੁਲ੍ਹਦੀ ।
ਜਦ ਤੱਕ ਕਿ ਸਾਡੀ ਅੱਖ ਤੇਰੀ ਯਾਦ ਵਿਚ ਸਾਗਰ ਨਹੀਂ ਬਣ ਜਾਂਦੀ,
ਅਸੀਂ ਮੁਰਾਦ ਦੀ ਕੰਧੀ ਤੋਂ ਵਾਕਿਫ ਨਹੀਂ ਹੋ ਸਕਦੇ ।
ਤੇਰੀ ਉਡੀਕ ਵਿਚ ਮੇਰੀਆਂ ਅੱਖਾਂ ਵੀ ਅੰਨ੍ਹੀਆਂ (ਚਿੱਟੀਆਂ) ਹੋ ਗਈਆਂ ਹਨ,
ਮੈ ਕੀ ਕਰਾਂ, ਕਿਉਂਕਿ ਤੇਰੇ ਬਿਨਾਂ ਮੇਰੀ ਢਾਰਸ ਨਹੀਂ ਹੋ ਸਕਦੀ ।
ਗ਼ਜ਼ਲ 25
ਜੇ ਕਰ ਤੂੰ ਚੌਧਵੀਂ ਦਾ ਚੰਨ-ਮੁਖੜਾ ਵਿਖਾ ਦੇਵੇਂ ਤਾਂ ਕੀ ਹਰਜ ਏ ?
ਜੇਕਰ, ਮੇਰੇ ਚੰਨਾ! ਅਜ ਰਾਤ ਮੁਖ ਵਿਖਾ ਦੇਵੇਂ, ਤਾਂ ਭਲਾ ਕੀ ਹਰਜ ਏ ?
ਇਹ ਸਾਰਾ ਜਹਾਨ ਤੇਰੀ ਜ਼ੁਲਫ਼ ਦਾ ਕੈਦੀ ਹੈ,
ਇਕ ਛਿਨ ਲਈ ਜੇ ਕਰ ਤੂੰ ਇਸ ਦੀ ਗੰਢ ਖੋਲ੍ਹ ਦੇਵੇਂ ਤਾਂ ਕੀ ਹਰਜ ਏ ?
ਸਾਰੀ ਦੁਨੀਆਂ ਤੇਰੇ ਬਿਨਾਂ ਅੰਨ੍ਹੇਰੀ ਹੋ ਗਈ ਹੈ,
ਸੂਰਜ ਵਾਂਗ ਜੇ ਕਰ ਤੂੰ ਨਿਕਲ ਆਵੇਂ, ਤਾਂ ਕੀ ਹਰਜ ਏ ?
ਇਕ ਛਿਨ ਲਈ ਆ, ਅਤੇ ਮੇਰੀਆਂ ਦੋਹਾਂ ਅਖਾਂ ਵਿਚ ਆ ਕੇ ਬਹਿ ਜਾ,
ਹੇ ਦਿਲ ਲੈ ਜਾਣ ਵਾਲੇ, ਜੇ ਕਰ ਤੂੰ ਅਖਾਂ ਵਿਚ ਬਹਿ ਜਾਵੇਂ, ਤਾਂ ਕੀ ਹਰਜ ਏ ?
ਇਸ ਤੇਰੇ ਕਾਲੇ ਤਿਲ (ਦੇ ਬੁੱਤ) ਨੂੰ, ਜਿਹੜਾ ਤੇਰੇ ਮੁਖੜੇ ਦਾ ਸ਼ੁਦਾਈ ਹੈ,
ਜੇ ਕਰ ਤੂੰ ਕੁਲ ਖ਼ੁਦਾਈ ਦੇ ਬਦਲੇ ਵੇਚ ਦੇਵੇਂ, ਤਾਂ ਕੀ ਹਰਜ ਏ ?
ਤੂੰ ਮੇਰੀਆਂ ਅੱਖਾਂ ਵਿਚ ਪਿਆ ਵੱਸਦਾ ਹੈਂ, ਫਿਰ ਮੈਂ ਕਿਸ ਨੂੰ ਢੂੰਡ ਰਿਹਾ ਹਾਂ,
ਅਦਿੱਖ ਦੇ ਪਰਦੇ ਵਿਚੋਂ ਜੇ ਕਰ ਆਪਣਾ ਮੁਖੜਾ ਵਿਖਾ ਦੇਵੇਂ, ਤਾਂ ਕੀ ਹਰਜ ਏ ?
ਗੋਯਾ, ਹਰ ਪਾਸੇ ਤੇਰੀ ਸੂਹ ਲੱਭ ਰਿਹਾ ਹੈ,
ਜੇ ਕਰ ਰਾਹ ਭੁਲੇ ਹੋਏ ਨੂੰ ਰਾਹ ਵਿਖਾ ਦੇਵੇਂ, ਤਾਂ ਕੀ ਹਰਜ ਏ ?
ਗ਼ਜ਼ਲ 26
ਕਦਮ ਉਹ ਹੀ ਚੰਗਾ ਹੈ, ਜਿਹੜਾ ਰੱਬ ਦੇ ਰਾਹ ਤੇ ਚੁੱਕਿਆ ਜਾਵੇ,
ਜੀਭਾ ਉਹੀ ਭਲੀ ਹੈ, ਜਿਹੜੀ ਰੱਬ ਦੇ ਸਿਮਰਨ ਵਿਚ ਸੁੱਖ ਜਾਣੇ ।
ਜਿੱਧਰ ਵੀ ਮੈਂ ਵੇਖਦਾ ਹਾਂ, ਮੇਰੀਆਂ ਅੱਖਾਂ ਵਿਚ ਕੁਝ ਸਮਾਉਂਦਾ ਨਹੀਂ,
ਹਮੇਸ਼ਾਂ ਉਸ ਦੇ ਨਕਸ਼ ਹੀ ਸਾਡੀਆਂ ਅੱਖਾਂ ਵਿਚ ਸਮਾਏ ਰਹਿੰਦੇ ਹਨ ।
ਪੂਰੇ ਗੁਰੂ ਦੀ ਬਖ਼ਸ਼ਿਸ਼ ਨਾਲ ਅਖ਼ੀਰ ਮੈਨੂੰ ਇਹ ਗਿਆਨ ਹੋ ਗਿਆ,
ਕਿ ਦੁਨੀਆਂ ਦੇ ਲੋਕ ਸਦਾ ਗਮ ਅਤੇ ਫ਼ਿਕਰ ਵਿਚ ਫਸੇ ਰਹਿੰਦੇ ਹਨ ।
ਕਿੰਨਾਂ ਭਾਗਾਂ ਵਾਲਾ ਹੈ ਉਸ ਦਿਲ ਦਾ ਮਾਲਕ, ਜਿਸ ਦੀ ਆਤਮਾ ਰੌਸ਼ਨ ਹੈ ਅਤੇ ਜੋ ਪੂਰਾ ਗਿਆਨਵਾਨ ਹੈ,
ਅਤੇ ਜਿਸ ਦਾ ਮੱਥਾ ਰੱਬ ਦੀ ਦਰਗਾਹ ਤੇ ਨਿਵੰਦਾ ਹੋਵੇ ।
ਕੁਰਬਾਨੀ ਲਈ ਉਸ ਦੀ ਗਲੀ ਉਦਾਲੇ, ਐ ਗੋਯਾ,ਫਿਰਦਾ ਰਹੁ ਅਤੇ ਸ਼ੇਖੀ ਨਾ ਮਾਰ,
ਮੈਨੂੰ ਤਾਂ ਉਸ ਦੀਆਂ ਅੱਖਾਂ ਦੇ ਇਸ਼ਾਰੇ ਦਾ ਹੁਕਮ ਮਿਲਣਾ ਚਾਹੀਦਾ ਹੈ ।
ਗ਼ਜ਼ਲ 27
ਹਜ਼ਾਰਾਂ ਜੜਾਊ ਤਖਤ ਤੇਰੇ ਰਾਹ ਵਿਚ ਪਏ ਹਨ,
ਤੇਰੇ ਮਸਤਾਨੇ ਤਾਜ ਅਤੇ ਨਗੀਨਿਆਂ ਦੀ ਲੋੜ ਨਹੀਂ ਰਖਦੇ ।
ਦੁਨੀਆਂ ਅੰਦਰ ਹਰ ਚੀਜ਼ ਫ਼ਨਾਹ ਹੋ ਜਾਣ ਵਾਲੀ ਹੈ,
ਪਰ ਆਸ਼ਕ ਫ਼ਨਾਹ ਹੋਣ ਵਾਲੇ ਨਹੀਂ, ਕਿਉਂ ਜੋ ਉਹ ਪ੍ਰੀਤ ਦੇ ਭੇਤਾਂ ਤੋਂ ਜਾਣੂ ਹਨ ।
ਸਾਰੀਆਂ ਅੱਖਾਂ ਉਸ ਦੇ ਦਰਸ਼ਨਾਂ ਲਈ ਤੀਬਰ ਹੋ ਗਈਆਂ,
ਹਜ਼ਾਰਾਂ ਚਿਤ ਉਸ ਦੇ ਬ੍ਰਿਹਾ ਦੇ ਫ਼ਿਕਰ ਵਿਚ ਨਿਘਰਦੇ ਜਾਂਦੇ ਹਨ ।
ਯਕੀਨ ਰਖ! ਕਿ ਉਸ ਦੇ ਮੰਗਤੇ ਪਾਤਸ਼ਾਹਾਂ ਦੇ ਪਾਤਸ਼ਾਹ ਹਨ,
ਕਿਉਂ ਜੋ ਸਾਰੀ ਦੁਨੀਆਂ ਦੀ ਦੌਲਤ ਉਹ ਇਕੋ ਨਜ਼ਰ ਨਾਲ ਬਖਸ਼ ਦਿੰਦੇ ਹਨ ।
ਐ ਗੋਯਾ! ਹਮੇਸ਼ਾਂ ਰੱਬ ਦੇ ਪਿਆਰਿਆਂ ਦੀ ਸੰਗਤ ਦੀ ਭਾਲ ਕਰ,
ਕਿਉਂ ਜੋ ਰੱਬ ਦੇ ਢੁੰਡਾਊ, ਰੱਬ ਨਾਲ ਜੁੜੇ ਹੋਏ ਹਨ ।
ਗ਼ਜ਼ਲ 28
ਭਾਵੇਂ ਮੇਰੇ ਹੱਥ ਸਦਾ ਕੰਮ ਵਿਚ ਰੁਝੇ ਹੁੰਦੇ ਹਨ,
ਪਰ ਮੈਂ ਕੀ ਕਰਾਂ, ਮੇਰਾ ਦਿਲ ਤਾਂ ਯਾਰ ਵਲ ਦੌੜਦਾ ਹੈ ।
ਭਾਵੇਂ 'ਤੂੰ ਮੈਨੂੰ ਨਹੀਂ ਵੇਖ ਸਕਦਾ' ਦੀ ਆਵਾਜ਼ ਹਰ ਵੇਲੇ ਦਿਲ ਦੇ ਕੰਨਾ ਵਿਚ ਪੈਂਦੀ ਹੈ,
ਪਰ ਮੂਸਾ ਫੇਰ ਵੀ ਰੱਬ ਦੇ ਦੀਦਾਰ ਕਰਨ ਲਈ ਜਾ ਰਿਹਾ ਹੈ ।
ਜਿਸ ਵਿਚੋਂ ਹੰਝੂ ਕਿਰਨ ਇਹ ਉਹ ਅੱਖ ਹੀ ਨਹੀਂ,
ਪ੍ਰੇਮ ਪਿਆਲਾ ਤਾਂ ਨੱਕਾ ਨੱਕ ਭਰਿਆ ਰਹਿੰਦਾ ਹੈ ।
ਦਿਲਦਾਰ ਅਤੇ ਦਿਲ ਵਜੂਦ ਵਿਚ ਇੰਨੇ ਇੱਕਮਿੱਕ ਹਨ,
ਜਿਸ ਕਾਰਣ ਦਿਲ ਹਮੇਸ਼ਾਂ ਦਿਲਦਾਰ ਵਲ ਦੌੜਦਾ ਰਹਿੰਦਾ ਹੈ ।
ਦੋਨਾਂ ਜਹਾਨਾਂ ਵਿਚ ਉਸ ਦੀ ਧੌਣ ਫ਼ਖਰ ਨਾਲ ਉੱਚੀ ਹੋ ਜਾਂਦੀ ਹੈ,
ਜੋ ਭੀ ਮਨਸੂਰ ਵਾਂਗ ਸੂਲੀ ਵਲ ਨੂੰ ਦੌੜਦਾ ਹੈ ।
ਗੋਯਾ ਨੇ ਸੱਜਨ ਦੀ ਯਾਦ ਵਿਚ ਅਸਲ ਜੀਵਨ ਪਾ ਲਿਆ ਹੈ,
ਹੁਣ ਉਹ ਸ਼ਰਾਬਖ਼ਾਨੇ ਦੀ ਗਲੀ ਵਿਚ ਕਿਉਂ ਜਾਵੇ ।
ਗ਼ਜ਼ਲ 29
ਕੌਣ ਹੈ ਜਿਸ ਤੇ ਅੱਜ ਸੋਹਣੇ ਦਾ ਇਸ਼ਕ ਸਵਾਰ ਹੈ ।
ਇਸ ਦੁਨੀਆਂ ਵਿਚ ਉਹ ਬਾਦਸ਼ਾਹ ਹੈ, ਜਿਸ ਦਾ ਕੋਈ ਯਾਰ ਹੈ ।
ਮੈ ਜਾਣਦਾ ਹਾਂ ਕਿ, ਐ ਸ਼ੋਖ਼ ਮਾਸ਼ੂਕ! ਕਿ ਇਹ ਦੋਹਾਂ ਜਹਾਨਾਂ ਦਾ ਖ਼ੂਨ ਕਰੇਗੀ,
ਕਿਉਂ ਜੋ ਤੇਰੀ ਮਸਤ ਅੱਖ ਅੱਜ ਨਸ਼ੇ ਨਾਲ ਭਰੀ ਪਈ ਹੈ ।
ਜਿਗਰ ਦੇ ਖ਼ੂਨ ਨੇ ਮੇਰੀ ਅੱਖ ਦੇ ਪੱਲੇ ਨੂੰ ਲਾਲ ਕਰ ਦਿੱਤਾ,
ਸਾਡੇ ਦੀਵਾਨੇ ਦਿਲ ਵਿਚ ਕੇਹੀ ਅਜਬ ਬਹਾਰ ਆਈ ਹੈ ।
ਜਿਸ ਨੂੰ ਮਨਸੂਰ ਵਾਂਗ ਸੂਲੀ ਦਾ ਪਰਛਾਵਾਂ ਪ੍ਰਾਪਤ ਹੈ,
ਉਸ ਨੂੰ ਨਾ ਤਾਂ ਸੁਰਗ ਦੇ ਬਿਰਛ ਤੂਬਾ ਦੀ ਛਾਂ ਦੀ ਅਤੇ ਨਾਂ ਹੀ ਸੁਰਗ ਦੀ ਲੋੜ ਹੈ ।
ਐ ਦੀਵੇ! ਆਪਣਾ ਲਾਲ ਫੁੱਲਾਂ ਵਰਗਾ ਮੁਖੜਾ ਕੁਝ ਚਿਰ ਲਈ ਰੋਸ਼ਨ ਕਰ
ਕਿਉਂ ਜੋ ਪਰਵਾਨੇ ਅਤੇ ਬੁਲਬੁਲ ਦੇ ਦਿਲ ਨੂੰ ਤੇਰੇ ਨਾਲ ਕੁਝ ਕੰਮ ਹੈ ।
ਭਾਵੇਂ ਹਰ ਦੀਵਾਨੇ ਲਈ ਸੰਗਲ ਬਣਾਉਂਦੇ ਹਨ,
ਪਰ ਗੋਯਾ ਦਾ ਦਿਲ ਤਾਂ ਜ਼ੁਲਫ਼ ਦੇ ਫੰਧੇ ਨਾਲ ਠਹਿਰ ਜਾਂਦਾ ਹੈ ।
ਗ਼ਜ਼ਲ 30
ਕੋਈ ਵੀ ਗਰੀਬ ਪਰਦੇਸੀਆਂ ਦੇ ਹਾਲ ਦੀ ਸੁਣਵਾਈ ਨਹੀਂ ਕਰਦਾ ।
ਅਸੀਂ ਉੱਥੇ ਪੁਜ ਚੁਕੇ ਹਾਂ, ਜਿੱਥੇ ਬਾਦਸ਼ਾਹ ਵੀ ਨਹੀਂ ਪੁੱਜ ਸਕਦਾ ।
ਹਜ਼ਾਰਾਂ ਉੱਚੇ ਸੁਰਗਾਂ ਨੂੰ ਉਹ ਇਕ ਅੱਧੇ ਜੌਂ ਬਦਲੇ ਵੀ ਨਹੀਂ ਖਰੀਦਦੇ,
ਕਿਉਂਕਿ ਇਨ੍ਹਾਂ ਵਿਚੋਂ ਕੋਈ ਭੀ ਸੁਰਗ ਉਸ ਪਿਆਰੇ ਦੀ ਗਲੀ ਤਕ ਨਹੀਂ ਪਹੁੰਚਦਾ ।
ਪ੍ਰੇਮ ਦੇ ਵੈਦ ਨੇ, ਕਹਿੰਦੇ ਹਨ, ਕੁਝ ਇਉਂ ਕਿਹਾ ਹੈ,
ਕਿ ਪਰਦੇਸੀਆਂ ਦਾ ਦਰਦਨਾਕ ਹਾਲ ਸਿਵਾਏ ਰੱਬ ਦੇ ਕੋਈ ਨਹੀਂ ਸੁਣਦਾ ।
ਜੇ ਤੂੰ ਆਪਣੇ ਦਿਲ ਦੀ ਅੱਖ ਦੀ ਰੋਸ਼ਨੀ ਚਾਹੁੰਦਾ ਹੈਂ,
ਤਾਂ ਵੇਖ,ਉਸ ਦੀ ਦਰਗਾਹ ਦੀ ਧੂੜ ਤਕ ਕੋਈ ਸੁਰਮਾ ਨਹੀਂ ਪੁੱਜ ਸਕਦਾ ।
ਮਿੱਤਰ ਦੀ ਯਾਦ ਵਿਚ ਉਮਰ ਕੱਟੀ ਜਾ ਸਕਦੀ ਹੈ,
ਕਿਉਂ ਜੋ ਉਸ ਦੇ ਮੁਕਾਬਲੇ ਤੇ ਕੋਈ ਵੀ ਰਸਾਇਣ ਨਹੀਂ ਹੈ ।
ਸਾਰੇ ਸੰਸਾਰ ਦੀ ਦੋਲਤ ਉਸ ਦੇ ਦਰ ਦੀ ਧੂੜ ਤੋਂ ਵਾਰ ਸੁੱਟਾਂ,
ਕਿਉਂਕਿ ਜਦ ਤਕ ਉਸ ਤੋਂ ਕੁਰਬਾਨ ਨਹੀਂ ਹੁੰਦਾ, ਉਸ ਤਕ ਨਹੀਂ ਪੁਜਦਾ ।
ਗੋਯਾ ਉਸ ਦੇ ਦਰਵਾਜ਼ੇ ਦੀ ਖ਼ਾਕ ਤੋਂ ਵਾਰੀ ਜਾਂਦਾ ਹੈ,
ਕਿਉਂਕਿ ਜਦ ਤਕ ਕੋਈ ਖ਼ਾਕ ਨਹੀਂ ਬਣਦਾ, ਆਪਣੇ ਮਨੋਰਥ ਨੂੰ ਨਹੀਂ ਪਾ ਸਕਦਾ ।
ਗ਼ਜ਼ਲ 31
ਉਸ ਦੀ ਦਰਗਾਹ ਦੀ ਮੁੱਠੀ ਭਰ ਖ਼ਾਕ ਰਸਾਇਣ ਬਣਾ ਦਿੰਦੀ ਹੈ,
ਹਰ ਮੰਗਤੇ ਨੂੰ ਸੱਤਾਂ ਵਲਾਇਤਾਂ ਦਾ ਬਾਦਸ਼ਾਹ ਬਣਾ ਦਿੰਦੀ ਹੈ ।
ਮੇਰੇ ਸਿਰ ਲਈ ਤੇਰੀ ਦਰਗਾਹ ਦੀ ਧੂੜ ਸੈਂਕੜੇ ਤਾਜਾਂ ਵਰਗੀ ਹੈ,
ਮੈਂ ਗੁਨਾਹਗਾਰ ਹੋਵਾਂਗਾ, ਜੇ ਕਰ ਮੇਰਾ ਦਿਲ ਫਿਰ ਤਾਜ ਅਤੇ ਤਖ਼ਤ ਦੀ ਲਾਲਸਾ ਕਰੇ ।
ਜੇ ਕਰ ਕੀਮਆਗਰ ਤਾਂਬੇ ਤੋਂ ਸੋਨਾ ਬਣਾ ਲੈਂਦਾ ਹੈ, ਅਸੰਭਵ ਨਹੀਂ ਕਿ
ਰੱਬ ਦਾ ਤਾਲਬ ਮਿੱਟੀ ਨੂੰ ਨੂਰ ਭਰਿਆ ਸੂਰਜ ਬਣਾ ਲਵੇ ।
ਗੋਯਾ ਦੇ ਸ਼ਿਅਰ ਜਿਹੜਾ ਵੀ ਦਿਲ ਜਾਨ ਨਾਲ ਸੁਣਦਾ ਹੈ,
ਉਸ ਦਾ ਦਿਲ ਫੇਰ ਮੋਤੀਆਂ ਦੀ ਦੁਕਾਨ ਦੇ ਲਾਲਾਂ ਦੀ ਕਦ ਪਰਵਾਹ ਕਰਦਾ ਹੈ ?
ਗ਼ਜ਼ਲ 32
ਤੇਰੇ ਤੰਗ ਮੂੰਹ ਵਰਗੀ ਹੋਰ ਸੋਹਣੀ ਕੋਈ ਸ਼ੱਕਰ ਦੀ ਬੋਰੀ ਨਹੀਂ ਹੋ ਸਕਦੀ,
ਇਸ ਕਥਾ ਤੋਂ, ਜਿਹੜੀ ਮੈਂ ਸੁਣਾਈ ਹੈ, ਹੋਰ ਕੋਈ ਵਧੇਰੇ ਚੰਗੇਰੀ ਕੋਈ ਕਥਾ ਨਹੀਂ ਹੋਣੀ ।
ਜੇਕਰ ਤੂੰ ਉਸ ਦੇ ਮਿਲਾਪ ਦਾ ਤਾਲਬ ਹੈ ਤਾਂ ਵਿਛੋੜੇ ਦਾ ਵਾਕਫ਼ ਬਣ,
ਜਦ ਤਕ ਰਾਹ ਵਿਖਾਉਣ ਵਾਲਾ ਨਾ ਹੋਵੇ, ਤੂੰ ਕਿਵੇਂ ਪੜਾਉ ਤਕ ਪੁਜੇਂਗਾ ।
ਪਲਕਾਂ ਵਰਗੇ ਹੱਥਾਂ ਤੋਂ ਅੱਖਾਂ ਦੇ ਪਲੂ ਨੂੰ ਉਨਾਂ ਚਿਰ ਨਾ ਛੁਡਾ,
ਜਦ ਤਕ ਕਿ ਤੇਰੀਆਂ ਆਸਾਂ ਦੀ ਜੇਬ ਮੋਤੀਆਂ ਨਾਲ ਨਾ ਭਰ ਜਾਵੇ ।
ਆਸ਼ਕ ਦੀ ਆਸ ਦੀ ਟਹਿਣੀ ਕਦੀ ਵੀ ਫਲਦਾਰ ਨਹੀਂ ਹੁੰਦੀ,
ਜਦ ਤਕ ਕਿ ਪਲਕਾਂ ਦੇ ਅਥਰੂਆਂ ਨਾਲ ਉਸ ਨੂੰ ਪਾਣੀ ਨਹੀਂ ਮਿਲਦਾ ।
ਐ, ਮੂਰਖ ਗੋਯਾ, ਉਸ ਦੇ ਪਿਆਰ ਦੀ ਡੀਂਗ ਨਾ ਮਾਰ,
ਇਸ ਰਸਤੇ ਉਤੇ ਉਹੀ ਪੈਰ ਰਖ ਸਕਦਾ ਹੈ, ਜਿਸ ਦਾ ਸਿਰ ਨਾ ਹੋਵੇ ।
ਗ਼ਜ਼ਲ 33
ਹੋਲੀ ਦੇ ਫੁੱਲਾਂ ਨੇ ਜ਼ਮਾਨੇ ਦੇ ਬਾਗ ਨੂੰ ਮਹਿਕ ਨਾਲ ਭਰ ਦਿੱਤਾ,
ਬੰਦ ਕਲੀ ਵਰਗੇ ਹੋਠਾਂ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿਤਾ ।
ਉਸ ਨੇ ਮੀਂਹ ਦੇ ਪਾਣੀ ਵਾਂਗ,
ਗੁਲਾਬ, ਅੰਬਰ, ਮੁਸ਼ਕ ਤੇ ਅਬੀਰ ਨੂੰ ਸਾਰੀਂ ਪਾਸੀਂ ਖਲੇਰ ਦਿੱਤਾ ।
ਕੇਸਰ ਭਰੀ ਪਿਚਕਾਰੀ ਦਾ ਕਿਆ ਕਹਿਣਾ ?
ਕਿ ਉਸ ਨੇ ਹਰ ਬਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਤ ਕਰ ਦਿੱਤਾ ।
ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕਣ ਨੇ,
ਧਰਤ ਅਸਮਾਨ ਨੂੰ ਲਾਲੋ ਲਾਲ ਕਰ ਦਿੱਤਾ ।
ਉਸ ਦੀ ਕ੍ਰਿਪਾ ਦੁਆਰਾ ਦੋਵੇਂ ਦੁਨੀਆਂ ਰੰਗੀਨ ਹੋ ਗਈਆਂ,
ਉਸ ਨੇ ਸ਼ਾਹਾਂ ਵਾਂਗ ਮੇਰੇ ਗਲ ਵਿਚ ਰੰਗੀਨ ਕਪੜੇ ਪਵਾ ਦਿੱਤੇ ।
ਜਿਸ ਕਿਸੇ ਨੇ ਵੀ ਉਸ ਦੇ ਪਵਿਤ੍ਰ ਦਰਸ਼ਨ ਕੀਤੇ,
ਉਸ ਨੇ ਸਮਝੋ ਉਮਰ ਦੀ ਮੁਰਾਦ ਚੰਗੀ ਪਾ ਲਈ ।
ਸੰਗਤ ਦੇ ਰਾਹਾਂ ਦੀ ਧੂੜ ਤੋਂ ਕੁਰਬਾਨ ਹੋ ਜਾਵੇ,
ਬਸ ਗੋਯਾ ਦੇ ਦਿਲ ਦੀ ਏਨੀ ਹੀ ਚਾਹ ਹੈ ।
ਗ਼ਜ਼ਲ 34
ਉਸ ਦੀ ਸਿਫ਼ਤ ਸਲਾਹ ਦਾ ਜ਼ਿਕਰ ਜੀਭ ਨੂੰ ਬੜਾ ਚੰਗਾ ਲਗਦਾ ਹੈ,
ਉਸ ਦਾ ਨਾਮ ਮੂੰਹ ਵਿਚ ਆਇਆਂ ਕਿੰਨਾ ਸਵਾਦ ਦਿੰਦਾ ਹੈ ?
ਵਾਹ! ਕਿਨੇ ਸੋਹਣੇ ਹਨ ਤੇਰੀ ਠੋਡੀ ਦੇ ਸਿਉ,
ਬਾਗ਼ ਵਿਚ ਅਜੇਹਾ ਮਿੱਠਾ ਤੇ ਸੁਆਦਲਾ ਮੇਵਾ ਭਲਾ ਕਿੱਥੇ ?
ਤੁਹਾਡੇ ਦੀਦਾਰ ਦੇ ਸਦਕੇ ਸਾਡੀ ਅੱਖ ਰੌਸ਼ਨ ਹੈ,
ਮੈਂ ਉਸ ਦੀਦਾਰ ਤੋਂ ਕੁਰਬਾਨ ਜਾਵਾਂ, ਉਹ ਕਿੰਨਾ ਸੁਆਦਲਾ ਹੈ ।
ਤੇਰੀ ਜ਼ੁਲਫ਼ ਦੇ ਕੁੰਡਲ ਨੇ ਸਾਡਾ ਦਿਲ ਉਡਾ ਲਿਆ ਹੈ,
ਤੇਰੇ ਲਾਲ ਹੋਠ ਇਸੇ ਕਾਰਨ ਸੁਆਦਲੇ ਹਨ ।
ਐ ਗੋਯਾ ਤੇਰੇ ਸ਼ਿਅਰਾਂ ਦੇ ਸੁਆਦ ਤੋਂ ਚੰਗੇਰਾ
ਹੋਰ ਕੋਈ ਸੁਆਦ ਨਹੀਂ ਹੋ ਸਕਦਾ ।
ਗ਼ਜ਼ਲ 35
ਰੱਬੀ ਗਿਆਨਵਾਨਾਂ ਨੂੰ ਉਸੇ ਦਾ ਪਾਸਾ ਹੀ ਚੰਗਾ ਲਗਦਾ ਹੈ,
ਪ੍ਰੇਮੀਆਂ ਲਈ ਸੱਜਨ ਦੀ ਗਲੀ ਹੀ ਸੁਹਾਵਣੀ ਹੈ ।
ਉਸ ਦੀਆਂ ਲਿੱਟਾਂ ਨੇ ਸਾਰੀ ਦੁਨੀਆਂ ਦੇ ਦਿਲ ਨੂੰ ਮੋਹ ਰਖਿਆ ਹੈ,
ਉਸ ਦੇ ਚਾਹੁਣ ਵਾਲਆਂ ਲਈ ਤਾਂ ਉਸ ਦੇ ਕੇਸ ਹੀ ਸੁਹਾਵਣੇ ਹਨ ।
ਸਾਨੂੰ ਉਸ ਦੀ ਗਲੀ ਇੰਨੀ ਪਿਆਰੀ ਹੈ,
ਕਿ ਮੈਂ ਬਹਿਸ਼ਤ ਦੇ ਬਾਗ ਨੂੰ ਉਸ ਤੋਂ ਕੁਰਬਾਨ ਕਰ ਦਿਆਂ ।
ਉਸ ਦੇ ਭਾਗਾਂ ਭਰੇ ਆਉਣ ਦੀ ਸੁਗੰਧੀ ਨਾਲ ਮੈਂ ਸੁਰਜੀਤ ਹੋ ਜਾਂਦਾ ਹਾਂ,
ਇਸ ਲਈ ਸਾਨੂੰ ਉਸ ਦੀ ਸੁਗੰਧੀ ਬੜੀ ਸੁਆਦਲੀ ਲਗਦੀ ਹੈ ।
ਰੱਬ ਦੀ ਯਾਦ ਦਾ ਜ਼ਿਕਰ ਕਿੰਨਾ ਸੁਆਦਲਾ ਹੁੰਦਾ ਹੈ,
ਸਾਰਿਆਂ ਮੇਵਿਆਂ ਨਾਲੋਂ ਇਹ ਵਧੇਰੇ ਸੁਆਦਲਾ ਹੈ ।
ਜੇ ਕਰ ਤੈਨੂੰ ਇਹ ਇੱਛਾ ਭਾਉਂਦੀ ਹੈ,
ਤਾਂ ਤੂੰ ਸਾਰੇ ਸੰਸਾਰ ਨੂੰ ਅੰਮ੍ਰਿਤ ਬਖ਼ਸ਼ਨ ਵਾਲਾ ਬਣ ਜਾਵੇਂਗਾ ।
ਗੋਯਾ ਦੇ ਸ਼ਿਅਰ ਹਿੰਦੁਸਤਾਨ ਵਿਚ ਅਜੇਹੇ ਮੇਵੇ ਹਨ,
ਜਿਹੜੇ ਖੰਡ ਅਤੇ ਦੁੱਧ ਨਾਲੋਂ ਵੀ ਵਧੇਰੇ ਮਿੱਠੇ ਹਨ ।
ਗ਼ਜ਼ਲ 36
ਐ ਬਹਾਰ ਦੀ ਫਸਲ ਦੇ ਭਰਵੱਟਿਓ ! ਤੁਹਾਡੀ ਆਮਦ ਦੀ ਕ੍ਰਿਪਾ ਸਦਕਾ,
ਜਹਾਨ ਗੁਲਜ਼ਾਰਾਂ ਨਾਲ ਬਹਿਸ਼ਤ ਦੇ ਬਾਗ਼ ਵਾਂਗ ਭਰ ਗਿਆ ਹੈ ।
ਤੇਰੀ ਮੁਸਕਾਨ ਜਹਾਨ ਨੂੰ ਜ਼ਿੰਦਗੀ ਬਖਸ਼ਦੀ ਹੈ,
ਅਤੇ ਇਹ ਰਹੱਸਮਈ ਸੂਫ਼ੀਆਂ ਦੀਆਂ ਅੱਖਾਂ ਲਈ ਇਕ ਚੈਨ ਤੇ ਕਰਾਰ ਹੈ ।
ਰੱਬ ਦੇ ਪ੍ਰੇਮ ਤੋਂ ਬਿਨਾਂ ਹੋਰ ਕੋਈ ਪ੍ਰੇਮ ਪੱਕਾ ਨਹੀਂ,
ਬਿਨਾਂ ਰੱਬ ਦੇ ਪਿਆਰਿਆਂ ਦੇ ਪਿਆਰ ਤੋਂ ਸਭ ਕੁਝ ਨਾਸਵਾਨ ਸਮਝ ।
ਜਿਧਰ ਵੀ ਤੂੰ ਨਿਗਾਹ ਕਰਦਾ ਹੈਂ ਤੂੰ ਨਵੀਂ ਰੂਹ ਬਖਸ਼ ਦੇਂਦਾ ਹੈਂ,
ਇਹ ਤੇਰੀ ਨਿਗਾਹ ਹੀ ਹੈ, ਜਿਹੜੀ ਹਰ ਪਾਸੇ ਜਾਨਾਂ ਦੀ ਬਰਖਾ ਕਰਦੀ ਹੈ ।
ਰੱਬ ਤਾਂ ਹਰ ਹਾਲ, ਹਰ ਥਾਂ, ਸਦਾ ਹਾਜ਼ਰ ਨਾਜ਼ਰ ਹੈ,
ਪਰੰਤੂ ਅਜਿਹੀ ਅੱਖ ਕਿੱਥੇ ਹੈ, ਜਿਹੜੀ ਹਰ ਪਾਸੇ ਹੀ ਉਸ ਦਾ ਦੀਦਾਰ ਵੇਖ ਸਕੇ ।
ਬਿਨਾਂ ਰੱਬ ਦੇ ਜਾਨਣ ਵਾਲਿਆਂ ਦੇ ਕਿਸੇ ਹੋਰ ਨੂੰ ਮੁਕਤੀ ਨਹੀਂ ਮਿਲੀ,
ਮੌਤ ਨੇ ਤਾਂ ਧਰਤ ਤੇ ਸਮੇਂ ਨੂੰ ਆਪਣੀ ਚੁੰਜ ਵਿਚ ਫੜ ਰਖਿਆ ਹੈ ।
ਐ ਗੌਯਾ, ਰੱਬ ਦਾ ਬੰਦਾ ਅਮਰ ਹੋ ਜਾਂਦਾ ਹੈ,
ਕਿਉਂ ਜੋ ਉਸ ਦੀ ਬੰਦਗੀ ਤੋਂ ਬਿਨਾਂ ਜਹਾਨ ਵਿਚ ਹੋਰ ਕਿਸੇ ਦਾ ਕੋਈ ਨਿਸ਼ਾਨ ਨਹੀਂ ।
ਗ਼ਜ਼ਲ 37
ਮੈਂ ਉਮਰ ਦੀ ਗੋਦੀ ਵਿਚ ਜਵਾਨ ਤੋਂ ਬੁੱਢਾ ਹੋ ਗਿਆ ਹਾਂ,
ਤੇਰੀ ਸੰਗਤ ਵਿਚ ਉਮਰ ਦੀ ਗੋਦ ਵਿਚ ਮੇਰੀ ਜ਼ਿਦਗੀ ਕਿੰਨੀ ਸੋਹਣੀ ਲੰਘੀ ਸੀ ।
ਬਾਕੀ ਰਹਿੰਦੇ ਸਵਾਸਾਂ ਨੂੰ ਤੂੰ ਇਸ ਤਰ੍ਹਾਂ ਸੁਭਾਗੇ ਸਮਝ,
ਕਿਉਂਕਿ ਅਖੀਰ ਪੱਤ-ਝੜ ਨੇ ਹੀ ਇਸ ਉਮਰ ਦੀ ਬਹਾਰ ਲਿਆਂਦੀ ।
ਹਾਂ, ਉਸ ਘੜੀ ਨੂੰ ਵੀ ਸੁਭਾਗਾ ਸਮਝ, ਜੋ ਰੱਬ ਦੀ ਯਾਦ ਵਿਚ ਗੁਜ਼ਰੇ,
ਕਿਉਂ ਜੋ ਉਮਰ ਦਾ ਹਿਸਾਬ ਲਾਉਣ ਲਗਿਆਂ ਇਹ ਨਜ਼ਰ ਤੋਂ ਹਵਾ ਵਾਂਗ ਲੰਘ ਜਾਂਦੀ ਹੈ ।
ਹਰ ਵਕਤ ਲਹਿਰਾਂ ਦੇ ਕਾਫ਼ਲੇ ਵਾਂਗ (ਉਮਰ ਦੀ ਨਦੀ ਵਗਦੀ) ਰਹਿੰਦੀ ਹੈ,
(ਹੋ ਸਕੇ) ਤਾਂ ਤੂੰ ਇਸ ਉਮਰ ਦੀ ਨਦੀ ਚੋਂ ਪਲ ਭਰ ਲਈ ਪਾਣੀ ਦਾ ਘੁੱਟ ਪੀ ਲੈ ।
ਤੂੰ ਸੈਂਕੜੇ ਕੰਮ ਅਜਿਹੇ ਕੀਤੇ ਹਨ, ਜਿਹੜੇ ਤੇਰੇ ਕੰਮ ਨਹੀਂ ਆਉਣੇ,
ਗੋਯਾ ਤੂੰ, ਅਜਿਹੇ ਕੰਮ ਕਰ, ਜਿਹੜੇ ਫੇਰ ਵੀ ਤੇਰੇ ਕੰਮ ਆਉਣ ।
ਗ਼ਜ਼ਲ 38
ਸਭ ਭੇਤਾਂ ਦੇ ਜਾਨਣਹਾਰ, ਅਸਾਂ ਜਿਨ੍ਹਾਂ ਤੇਰੀ ਗਲੀ ਦਾ ਸਿਰਾ ਵੇਖਿਆ ਹੈ,
ਅਸਾਂ ਸਭ ਵਲੋਂ ਆਪਣੀ ਜ਼ਰੂਰਤ ਦਾ ਮੂੰਹ ਮੋੜ ਲਿਆ ਹੈ ।
ਜਦ ਤੋਂ ਸਾਡਾ ਤੇਰੀ ਗਲੀ ਗਿਰਦੇ ਘੁੰਮਣਾ ਆਮ ਹੋਇਆ ਹੈ,
ਮੈਂ ਸਭ ਤੋਂ ਚੰਗੇ ਸੁਰਗ ਦੇ ਬਾਗ਼ ਨੂੰ ਠੁਕਰਾ ਦਿੱਤਾ ਹੈ ।
ਆਪਣੀ ਸੁਗੰਧਤ ਲਿੱਟ ਦੇ ਵਾਲ ਨਾਲ ਉਹ ਸਾਡਾ ਦਿਲ ਅਤੇ ਦੀਨ ਲੈ ਗਿਆ,
ਇਸ ਲੰਮੀ ਉਮਰ ਤੋਂ ਇਹੀ ਕੁਝ ਖੱਟਿਆ ਸੀ ।
ਸਾਰਿਆਂ ਨੂੰ ਸਦਾ ਹੀ ਤੇਰੇ ਮੁਖੜੇ ਦਾ ਕੁਰਾਨ ਜ਼ਬਾਨੀ ਯਾਦ ਹੈ,
ਨਮਾਜ਼ੀਆਂ ਦੇ ਦਿਲਾਂ ਲਈ ਤੇਰੇ ਭਰਵੱਟੇ ਦਾ ਖ਼ਮ ਮਹਿਰਾਬ ਹੈ ।
ਮੈਂ ਕੀ ਦੱਸਾਂ ਕਿ ਤੇਰੇ ਬਿਨਾਂ ਮੇਰੇ ਦਿਲ ਦੀ ਕੀ ਹਾਲਤ ਹੈ ?
ਇਹ ਉਸ ਦੀਵੇ ਵਾਂਗ ਹੈ, ਕਿ ਜਿਸ ਨੂੰ ਹਮੇਸ਼ਾਂ ਸੜਨਾ ਅਤੇ ਪਿਘਲਣਾ ਪੈਂਦਾ ਹੈ ।
ਗ਼ਜ਼ਲ 39
ਤੇਰੇ ਬਿਨਾਂ ਸਾਰਾ ਜਹਾਨ ਹੈਰਾਨ ਹੋਇਆ ਪਿਆ ਹੈ,
ਤੇਰੇ ਵਿਛੋੜੇ ਕਾਰਨ ਸੀਨਾ ਕਬਾਬ ਹੋ ਚੁਕਿਆ ਹੈ ।
ਰੱਬ ਦਾ ਢੂੰਡਾਊ ਸਦਾ ਜ਼ਿੰਦਾ ਰਹਿੰਦਾ ਹੈ,
ਉਸ ਦੀ ਜੀਭਾ ਤੇ ਬਸ ਉਸ ਸਰਬ ਸ਼ਕਤੀਮਾਨ ਦਾ ਨਾਮ ਰਹਿੰਦਾ ਹੈ ।
ਉਸ ਦੇ ਸੁਗੰਧਤ ਕਾਲੇ ਤਿਲ ਨੇ ਦੁਨੀਆਂ ਦਾ ਦਿਲ ਲੁੱਟ ਲਿਆ,
ਉਸ ਦੀਆਂ ਜ਼ੁਲਫ਼ਾਂ ਦਾ ਕੁਫ਼ਰ ਈਮਾਨ ਲਈ ਬਸ ਇਕ ਜਾਲ ਹੈ ।
ਮੈੰਨੂੰ ਆਪਣਾ ਸੂਰਜ ਵਰਗਾ ਮੁਖੜਾ ਜਲਦੀ ਵਿਖਾ,
ਕਿਉਂ ਜੋ ਰੋ ਰਹੀ ਅੱਖ ਦਾ ਇਹੀ ਇਲਾਜ ਹੈ ।
ਉਸ ਦੇ ਸੁੰਦਰ ਕੱਦ ਕਾਠ ਤੋਂ ਆਪਣਾ ਦਿਲ ਕੁਰਬਾਨ,
ਜਾਨ ਤਾਂ ਬੱਸ ਕੇਵਲ ਪਿਆਰੇ ਤੋਂ ਵਾਰਨ ਲਈ ਹੈ ।
ਕਾਸ਼ ਤੂੰ ਗੋਯਾ ਦਾ ਹਾਲ ਪਲ ਭਰ ਲਈ ਪੁੱਛਦੋਂ,
ਏਹੀ ਤਾਂ ਬਸ ਇਕੋ ਦਰਦ-ਕੁੱਠੇ ਦਿਲ ਦਾ ਇਲਾਜ ਹੈ ।
ਗ਼ਜ਼ਲ 40
ਹਮੇਸਾ ਤੂੰ ਨਸ਼ਈ, ਸੂਫ਼ੀ ਅਤੇ ਸਾਫ਼ ਰਹੁ,
ਤੂੰ ਸਾਰੇ ਦਾ ਸਾਰਾ ਬੰਦਗੀ ਹੋ ਜਾ, ਅਤੇ ਮਲੰਗ ਰਿੰਦ ਬਣ ਜਾ ।
ਤੂੰ ਗ਼ੈਰ ਵਲ ਅੱਖ ਚੁੱਕ ਕੇ ਵੀ ਨਾ ਵੇਖ ਕਿਉਂਕਿ ਤੂੰ ਅੰਨ੍ਹਾਂ ਹੈਂ,
ਤੂੰ ਸਾਰੀ ਦੀ ਸਾਰੀ ਅੱਖ ਹੋ ਜਾ,ਅਤੇ ਸੱਜਨ ਵਲ ਇਸ ਨੂੰ ਖੋਲ੍ਹੀ ਰੱਖ ।
ਉਸ ਦਿਲਾਂ ਨੂੰ ਚੁਰਾ ਲੈਣ ਵਾਲੇ ਬਾਦਸ਼ਾਹ ਦੇ ਕੱਦ ਉਦਾਲੇ ਚੱਕਰ ਕੱਟ,
ਅਤੇ ਉਸ ਸੁਗੰਧਤ ਜ਼ੁਲਫ਼ ਦੇ ਫੰਧੇ ਦਾ ਕੈਦੀ ਬਣ ਜਾ ।
ਮੈਂ ਤੈਨੂੰ ਇਹ ਨਹੀਂ ਕਹਿੰਦਾ, ਕਿ ਤੂੰ ਮੰਦਰ ਜਾਂ ਕਾਅਬੇ ਵਲ ਜਾ,
ਮੈਂ ਤਾਂ ਕਹਿੰਦਾ ਹਾਂ, ਕਿ ਜਿਧਰ ਵੀ ਤੂੰ ਜਾਵੇਂ, ਮੂੰਹ ਰੱਬ ਵਲ ਰੱਖ਼ ।
ਤੂੰ ਗ਼ੈਰਾਂ ਵਲ ਪਰਾਇਆਂ ਵਾਂਗ ਕਿਉਂ ਫਿਰਦਾ ਹੈਂ ?
ਤੂੰ ਤਾਂ ਟੁੱਟੇ ਹੋਏ ਦਿਲ ਦੇ ਹਾਲ ਦਾ ਵਾਕਫ਼ਕਾਰ ਬਣ ।
ਸਦਾ ਗੋਯਾ ਦੇ ਦਿਲ ਵਾਂਗ ਸੰਤੋਖੀ ਅਤੇ ਹਰਿਆ ਭਰਿਆ ਰਹੁ,
ਤੂੰ ਅਪਣੇ ਨਿਜੀ ਸਵਾਰਥਾਂ ਤੋਂ ਮੁਕਤ (ਢੂੰਡਾਊ) ਹੋ ਜਾ (ਇਸ ਤਰ੍ਹਾਂ ਤੂੰ ਅਸਲ ਮਨੋਰਥ ਪਾ ਲਵੇਂਗਾ) ।
ਗ਼ਜ਼ਲ 41
ਸਾਰਿਆਂ ਦੇ ਸੀਨੇ ਲੂਹੇ ਪਏ ਹਨ, ਝੁਲਸੇ ਪਏ ਹਨ ।
ਦੋਵੇਂ ਜਹਾਨ ਉਸ ਦੇ ਦੀਦਾਰ ਲਈ ਹੈਰਾਨ ਹਨ, ਪਰੇਸ਼ਾਨ ਹਨ ।
ਤੇਰੀ ਗਲੀ ਦੀ ਧੂੜ ਨਾਲੋਂ, ਜਿਹੜੀ ਦਿੱਬ ਦ੍ਰਿਸ਼ਟੀ ਵਾਲੇ ਆਰਫਾਂ ਲਈ ਸੁਰਮਾ ਹੈ,
ਰੋਂਦੀ ਹੋਈ ਅੱਖ ਲਈ ਹੋਰ ਕੋਈ ਚੰਗੇਰਾ ਇਲਾਜ ਨਹੀਂ ।
ਚੰਨ ਸੂਰਜ ਰਾਤ ਦਿਨ ਉਸ ਦੀ ਗਲੀ ਦੀ ਪਰਕਰਮਾ ਕਰਦੇ ਰਹਿੰਦੇ ਹਨ,
ਉਸ ਦਾ ਇਹ ਅਹਿਸਾਨ ਹੈ ਕਿ ਉਹ ਦੋਹਾਂ ਜਹਾਨਾਂ ਨੂੰ ਰੋਸ਼ਨੀ ਬਖ਼ਸ਼ਣ ਯੋਗ ਬਣਾ ਦਿੰਦੀ ਹੈ ।
ਜਿੱਧਰ ਵੀ ਮੈਂ ਵੇਖਦਾ ਹਾਂ, ਉਸ ਦੇ ਹੁਸਨ ਜਮਾਲ ਦਾ ਜਲਵਾ ਮਿਲਦਾ ਹੈ,
ਉਸ ਦੀ ਕੁੰਡਲਦਾਰ ਜ਼ੁਲਫ਼ ਦੇ ਕਾਰਣ ਜਹਾਨ ਸਦਾ ਪਰੇਸ਼ਾਨ ਅਤੇ ਸ਼ੁਦਾਈ ਰਹਿੰਦਾ ਹੈ ।
ਮੇਰੇ ਅਥਰੂਆਂ ਨਾਲ ਧਰਤ ਦਾ ਖੀਸਾ ਪੋਸਤ ਦੇ ਫੁੱਲਾਂ ਦੇ ਮੋਤੀਆਂ ਨਾਲ ਭਰ ਗਿਆ ਹੈ,
ਉਸ ਦੇ ਮੁਸਕਰਾਂਦੇ ਹੋਏ ਲਾਲ ਹੋਠਾਂ ਦੀ ਯਾਦ ਨਾਲ ਗੋਯਾ ਮੈਂ ਤਾਂ ਸਾਰਾ ਜਹਾਨ ਸਰ ਕਰ ਲਿਆ ਹੈ ।
ਗ਼ਜ਼ਲ 42
ਜਿਸ ਕਿਸੇ ਨੇ ਵੀ ਤੇਰੀ ਵਿਸ਼ੇਸ਼ ਗੱਲ ਸੁਣੀ ਹੈ ,
ਉਹ ਸੈਂਕੜੇ ਸਖ਼ਤ ਗਮਾਂ ਤੋਂ ਝੱਟ ਹੀ ਮੁਕਤ ਹੋ ਗਿਆ ।
ਪੂਰੇ ਅਤੇ ਕਾਮਿਲ ਸਤਿਗੁਰੂ ਦਾ ਸ਼ਬਦ ਸਾਡੇ ਲਈ ਅੰਮ੍ਰਿਤ ਹੈ,
ਇਹ ਮੁਰਦਾ ਦਿਲਾਂ ਨੂੰ ਸੁਰਜੀਤ ਅਤੇ ਮੁਕਤ ਕਰ ਦਿੰਦਾ ਹੈ ।
ਤੇਰੇ ਹਉਮੈ ਦੇ ਵਿਖਾਵੇ ਤੋਂ ਰੱਬ ਕੋਹਾਂ ਦੂਰ ਹੈ,
ਜੇ ਤੂੰ ਆਪਣੇ ਅੰਦਰ ਝਾਤੀ ਮਾਰੇਂ ਤਾਂ ਹਉਮੈ ਤੋਂ ਮੁਕਤ ਹੋ ਜਾਵੇਂ ।
ਹੇ ਗੋਯਾ! ਤੂੰ ਆਪਣਾ ਹੱਥ ਹਿਰਸ ਅਤੇ ਲਾਲਚ ਤੋਂ ਖਿੱਚ ਲੈ,
ਤਾਂ ਜੋ ਆਪਣੇ ਘਰ ਦੇ ਅੰਦਰ ਹੀ ਉਸ ਮਹਾਨ ਰੱਬ ਨੂੰ ਵੇਖ ਸਕੇਂ ।
ਗ਼ਜ਼ਲ 43
ਆ, ਤੂੰ ਮਸਤ-ਚਾਲ ਸਰੂ ਵਾਂਗ ਝੱਟ ਪਲ ਲਈ ਬਾਗ਼ ਦੀ ਸੈਰ ਲਈ ਆ ।
ਤੇਰੇ ਵਲ ਵੇਖਦੇ ਵੇਖਦੇ ਸਾਡੀਆਂ ਅੱਖਾਂ ਪੱਕ ਗਈਆਂ ਹਨ ।
ਮੇਰੇ ਦਿਲ ਦੇ ਜ਼ਖ਼ਮ ਲਈ ਤੇਰੀ ਇਕੋ ਮੁਸਕਾਨ ਮਰਹਮ ਦਾ ਕੰਮ ਦਿੰਦੀ ਹੈ,
ਤੇਰੇ ਹੋਠਾਂ ਦੀ ਮੁਸਕਾਨ ਸਾਰੀਆਂ ਬੀਮਾਰੀਆਾਂ ਦੀ ਦਵਾ ਹੈ ।
ਉਸ ਨੇ ਮੇਰੇ ਵਲ ਇਕ ਨਿਗਾਹ ਕੀਤੀ, ਅਤੇ (ਨਾਲ ਹੀ) ਮੇਰੇ ਦਿਲ ਦੀ ਰਾਸ ਲੁੱਟ ਲਈ,
ਉਸ ਨੇ ਆਪਣੀ ਤਿਰਛੀ ਨਜ਼ਰ ਨਾਲ ਮੇਰੇ ਦਿਲ ਦੇ ਬੋਝੇ ਨੂੰ ਕੈਂਚੀ ਵਾਂਗ ਕੱਟ ਦਿੱਤਾ ।
ਹੇ ਰੂਪ ਜਮਾਲ ਦੇ ਬਾਗ ਦੀ ਨਵ-ਬਹਾਰ! ਆਪਣੀ ਆਮਦ ਦੀ ਬਖ਼ਸ਼ਿਸ਼ ਨਾਲ,
ਤੂੰ ਜਹਾਨ ਨੂੰ ਬਹਿਸ਼ਤ ਦੇ ਬਾਗ ਵਰਗਾ ਬਣਾ ਦਿੱਤਾ ਹੈ, ਕਿਹਾ ਚੰਗਾ ਹੈ ਇਹ ਬਖਸ਼ਿਸ਼ਾਂ ਕਰਨ ਵਾਲਾ ।
ਤੂੰ ਗੋਯਾ ਦੀ ਮੰਦੀ ਹਾਲਤ ਵੱਲ ਕਿਉਂ ਨਹੀਂ ਇਕ ਨਜ਼ਰ ਕਰਦਾ ?
ਕਿਉਂਕਿ ਗ਼ਰਜ਼-ਮੰਦ ਲੋਕਾਂ ਲਈ ਤੇਰੀ ਇਕੋ ਨਿਗਾਹ ਮੁਰਾਦਾਂ ਪੂਰੀਆਂ ਕਰਨ ਵਾਲੀ ਹੈ ।
ਗ਼ਜ਼ਲ 44
ਸਾਡਾ ਤੇਰੇ ਨਾਲ ਵੱਡਾ ਸਾਕ ਸੰਬੰਧ ਹੈ,
ਤੇਰੀ ਆਮਦ ਕਰਕੇ ਸਾਰੀ ਦੁਨੀਆਂ ਵਿਚ ਖੁਸ਼ੀ ਹੀ ਖੁਸ਼ੀ ਹੈ ।
ਮੈਂ ਆਪਣੇ ਖਿੜੇ ਦਿਲ ਅਤੇ ਖੁਲ੍ਹੇ ਨੈਣਾਂ ਨੂੰ,
ਤੇਰੀ ਆਮਦ ਦੇ ਰਾਹ ਉਤੇ ਵਿਛਾ ਦਿੱਤਾ ਹੈ ।
ਤੂੰ ਰੱਬ ਦੇ ਫ਼ਕੀਰਾਂ ਉਤੇ ਮਿਹਰ ਕਰ,
ਤਾਂ ਜੋ ਇਸ ਦੁਨੀਆਂ ਵਿਚ ਤੈੰਨੂੰ ਖ਼ੁਸ਼ੀ ਹਾਸਲ ਹੋਵੇ ।
ਹਮੇਸ਼ਾਂ ਆਪਣੇ ਦਿਲ ਨੂੰ ਰੱਬ ਦੇ ਪਾਸੇ ਲਾ,
ਤਾਂ ਜੋ ਤੂੰ ਸਹਿਜੇ ਹੀ ਇਸ ਪੁਲ-ਸਿਰਾਤ {ਭਉਜਲ} ਤੋਂ ਲੰਘ ਜਾਵੇਂ ।
ਕੋਈ ਵੀ ਇਸ ਆਸਮਾਨ ਦੇ ਹੇਠ ਸੌਖਾ ਅਤੇ ਖ਼ਸ਼ਹਾਲ ਨਹੀਂ,
ਹੇ ਗੋਯਾ, ਤੂੰ ਇਸ ਪੁਰਾਣੀਂ ਸਰਾਂ ਤੋਂ ਲੰਘ ਜਾ ।
ਗ਼ਜ਼ਲ 45
ਜਿੱਥੇ ਵੀ, ਮੇਰੀ ਜਾਨ ! ਤੂੰ ਜਾਵੇਂ ਤੇਰਾ ਰੱਬ ਰਾਖਾ ਹੋਵੇ,
ਤੂੰ ਮੇਰਾ ਦਿਲ ਅਤੇ ਈਮਾਨ ਲੈ ਚਲਿਆ ਹੈਂ, ਤੇਰਾ ਰੱਬ ਰਾਖਾ ਹੋਵੇ ।
ਬੁਲਬੁਲ ਅਤੇ ਫੁੱਲ ਦੋਵੇਂ ਹੀ ਤੇਰੀ ਉਡੀਕ ਵਿਚ ਹਨ,
ਝੱਟ ਪਲ ਲਈ ਤੂੰ ਮੇਰੇ ਬਾਗ ਵਲ ਆ, ਤੇਰਾ ਰੱਬ ਰਾਖਾ ਹੋਵੇ ।
ਆਪਣੇ ਲਾਲ ਹੋਠਾਂ ਤੋਂ ਮੇਰੇ ਜ਼ਖਮੀ ਦਿਲ ਉਤੇ ਲੂਣ ਛਿੜਕ,
ਅਤੇ ਮੇਰੇ ਕਬਾਬ ਹੋਏ ਸੀਨੇ ਨੂੰ ਸਾੜ ਤੇਰਾ ਰੱਬ ਰਾਖਾ ਹੋਵੇ ।
ਕਿਨਾਂ ਚੰਗਾ ਹੋਵੇ, ਕਿ ਤੇਰਾ ਉੱਚਾ ਲੰਮਾ ਸਰੂ ਵਰਗਾ ਕੱਦ,
ਮੇਰੇ ਬਾਗ ਵਲ ਝੱਟ ਪਲ ਲਈ ਟਹਿਲਦਾ ਆਵੇ, ਤੇਰਾ ਰੱਬ ਰਾਖਾ ਹੋਵੇ।
ਆ, ਮੇਰੀਆਂ ਅੱਖਾਂ ਦੀ ਧੀਰੀ ਵਿਚ ਆ ਜਾ,
ਕਿਉਂ ਜੋ ਤੇਰਾ ਘਰ ਮੇਰੀਆਂ ਰੋਂਦੀਆਂ ਅੱਖਾਂ ਵਿਚ ਹੈ, ਰੱਬ ਤੇਰਾ ਸਹਾਈ ਹੋਵੇ ।
ਗ਼ਜ਼ਲ 46
ਐ, ਕਿ ਤੇਰਾ ਮੁਖੜਾ ਸ਼ਮ੍ਹਾਂ ਲਈ ਵੀ ਰੋਣਕ ਦਾ ਕਾਰਨ ਹੈ,
ਸ਼ਮ੍ਹਾਂ ਦੀ ਮੋਤੀ ਵਸਾਉਣ ਵਾਲੀ ਅੱਖ ਅਥਰੂ ਕੇਰ ਰਹੀ ਹੈ ।
ਜਿੱਥੇ ਵੀ ਉਨ੍ਹਾਂ ਕੋਈ ਦੀਵਾ ਬਾਲਿਆ ਹੈ,
ਮਾਨੋ ਉਹ ਸ਼ਮ੍ਹਾਂ ਦੀ ਗੁਲਜ਼ਾਰ ਦਾ ਇਕ ਫੁੱਲ ਹੈ ।
ਜਦ ਦਾ ਤੂੰ ਆਪਣੇ ਮੁਖੜੇ ਨੂੰ ਰੋਸ਼ਨ ਕੀਤਾ ਹੈ,
ਸ਼ਮ੍ਹਾਂ ਸੌ ਸੌ ਵਾਰ ਤੈਥੋਂ ਕੁਰਬਾਨ ਜਾ ਰਹੀ ਹੈ ।
ਤੇਰੇ ਮੁਖੜੇ ਤੋਂ ਕੁਰਬਾਨ ਕਰਨ ਲਈ,
ਸ਼ਮ੍ਹਾਂ ਦੀਆਂ ਰੋਦੀਆਂ ਅਖਾਂ ਆਪਣੀ ਜਾਨ ਕੇਰ ਰਹੀਆਂ ਹਨ ।
ਅੱਜ ਰਾਤ ਤੂੰ ਨਾ ਆਇਓਂ,ਤੇਰੀ ਭਾਰੀ ਉਡੀਕ ਵਿਚ
ਸਮਾਂ ਦੀ ਅੱਗ ਵਸਾਉਣ ਵਾਲੀ ਅੱਖ ਨੇ ਮਹਿਫ਼ਲ ਨੂੰ ਸਾੜ ਸੁਟਿਆ ।
ਗੋਯਾ ਤੜਕੇ ਸਵੇਰ ਵੇਲੇ ਕਿੰਨਾ ਸੁੰਦਰ ਅਤੇ ਬਚਿਤ੍ਰ ਨਜਾਰਾ ਹੁੰਦਾ ਹੈ,
ਕਿ ਸਾਰਾ ਸੰਸਾਰ ਤਾਂ ਸੁੱਤਾ ਪਿਆ ਹੁੰਦਾ ਹੈ ਅਤੇ ਸ਼ਮਾਂ ਜਾਗ ਰਹੀ ਹੁੰਦੀ ਹੈ ।
ਗ਼ਜ਼ਲ 47
ਹੇ ਸਾਕੀ ! ਉੱਠ ਅਤੇ ਪਿਆਲੇ ਨੂੰ ਭਰ ਦੇ,
ਤਾਂ ਜੋ ਉਸ ਦੇ ਨਾਲ ਮੈਂ ਅਪਣਾ ਦਿਮਾਗ਼ ਰੰਗੀਨ ਕਰ ਲਵਾਂ ।
ਤੇਰੀ ਜ਼ੁਲਫ਼ ਦਾ ਫੰਦਾ ਮੇਰਾ ਦਿਲ ਫਸਾ ਕੇ ਲੈ ਗਿਆ ਸੀ,
ਮੈਨੂੰ ਉਸ ਦੇ ਹਰ ਪੇਚ ਵਿਚੋਂ ਇਹੋ ਸੂਹ ਮਿਲੀ ਹੈ ।
ਪਾਕ ਦੀਦਾਰ ਦੀਆਂ ਨੂਰੀ ਕਿਰਨਾਂ ਤੋਂ,
ਸੈਂਕੜੇ ਹਜ਼ਾਰਾਂਂ ਦੀਵੇ ਹਰ ਪਾਸੇ ਬਲ ਉਠੇ ਹਨ ।
ਹੇ ਗੋਯਾ, ਤੂੰ ਸਦਾ ਉਸ ਦੀ ਯਾਦ, ਉਸ ਦਾ ਸਿਮਰਨ ਕਰ,
ਤਾਂ ਜੋ ਤੂੰ ਦੁਨੀਆਂ ਦੇ ਗ਼ਮਾਂ ਤੋਂ ਅਜ਼ਾਦ ਹੋ ਜਾਵੇਂ ।
ਗ਼ਜ਼ਲ 48
ਜੇਕਰ ਤੂੰ ਸ਼ੌਕ ਨਾਲ ਆਪਣਾ ਮਨ ਸਾਫ ਕਰ ਲਵੇਂ,
ਤਾਂ ਬਿਨਾਂ ਕਿਸੇ ਅਤਿਕਥਨੀ ਦੇ ਤੂੰ ਛੇਤੀ ਆਪਣਾ ਆਪ ਪਾ ਲਵੇਂਗਾ ।
ਹਉਮੈਂ ਕਰਕੇ ਜਦ ਕਿ ਤੂੰ ਰੱਬ ਤੋਂ ਦੂਰ ਹੋ ਗਿਆ ਹੈਂ,
ਮਨਮਤਿ ਨੂੰ ਦੂਰ ਕਰ ਦੇ, ਅਤੇ ਰੱਬ ਨੂੰ ਜ਼ਾਹਰਾ ਵੇਖ ਲੈ ।
ਪ੍ਰੇਮ-ਮੱਤੇ ਤਾਂ ਸਦਾ ਹੀ ਪ੍ਰੇਮ ਦੇ ਕੁੱਠੇ ਹੁੰਦੇ ਹਨ,
ਓ ਡੀਂਗਾਂ ਮਾਰਨ ਵਾਲੇ, ਉਨ੍ਹਾਂ ਸਾਹਮਣੇ ਡੀਂਗ ਨਾ ਮਾਰੀਂ ।
ਇਨ੍ਹਾਂ ਪੰਜਾਂ ਇੰਦ੍ਰੀਆਂ ਦੇ ਭੋਗ ਸੁਆਦ ਨੂੰ ਛੱਡ,
ਤਾਂ ਜੋ ਤੈਨੂੰ ਸਾਫ਼ ਪਿਆਲੇ ਦਾ ਸੁਆਦ ਆ ਸਕੇ ।
ਗੋਯਾ ਤੂੰ ਸਦਾ ਪੂਰੇ ਸਤਿਗੁਰ ਦੀ ਰਾਹ ਢੂੰਡਦਾ ਰਹੁ,
ਤਾਂ ਜੋ ਸੰਸਾਰ ਦੀ ਦੁਬਿਧਾ ਤੋਂ ਮੁਕਤ ਹੋ ਜਾਵੇਂ ।
ਗ਼ਜ਼ਲ 49
ਉਸ ਦੇ ਮਿਲਾਪ ਦੀ ਆਮਦ ਦੇ ਕਾਰਨ ਮੇਰੇ ਹੱਥੋਂ ਬ੍ਰਿਹਾ ਦੀ ਵਾਗਡੋਰ ਛੁੱਟ ਗਈ,
ਕਿਥੋਂ ਕੁ ਤੱਕ ਇਸ ਬ੍ਰਿਹਾ ਦੀ ਵਿਥਿਆ ਸੁਣਾਉਂਦੇ ਰਹੀਏ ?
ਤੇਰੇ ਬਿਨਾਂ ਮੇਰੇ ਦੋਹਾਂ ਨੇਤਰਾਂ ਅਤੇ ਭਰਵੱਟਿਆਂ ਵਿਚ ਹੋਰ ਕੋਈ ਨਹੀਂ ਸੀ,
ਉਨ੍ਹਾਂ ਵਿਚ ਏਸੇ ਲਈ ਹੁਣ ਸਾਨੂੰ ਬਿਰਹਾ ਦਾ ਕੋਈ ਨਿਸ਼ਾਨ ਨਹੀਂ ਲੱਭਦਾ ।
ਹਾਲੀ ਵਿਛੋੜੇ ਨੇ ਤੇਰੇ ਮਿਲਾਪ ਨੂੰ ਨਹੀਂ ਸੀ ਛੋਹਿਆ,
ਅਸਾਂ ਵਿਛੋੜੇ ਦੀ ਜ਼ਬਾਨੀ ਮਿਲਾਪ ਦੀਆਂ ਗੱਲਾਂ ਸੁਣੀਆਂ ਹਨ ।
ਤੇਰੇ ਵਿਛੋੜੇ ਨਾਲ ਮੇਰੇ ਦਿਲ ਨੂੰ ਅਜਿਹੀ ਅੱਗ ਲੱਗੀ,
ਕਿ ਮੇਰੇ ਵਾਵੇਲੇ ਦੀ ਬਿਜਲੀ ਨੇ ਵਿਛੋੜੇ ਦਾ ਘਰ ਸਾੜ ਫੂਕ ਦਿੱਤਾ ।
ਤੇਰੇ ਵਿਛੋੜੇ ਨੇ ਗੋਯਾ ਨਾਲ ਕੀ ਕੁਝ ਕੀਤਾ ?
ਇਹ ਵਿਥਿਆ (ਇਤਨੀ ਲੰਬੀ ਹੈ ਕਿ) ਕਿਸੇ ਹਿਸਾਬ ਕਿਤਾਬ ਵਿਚ ਨਹੀਂ ਆਉਂਦੀ ।
ਗ਼ਜ਼ਲ 50
ਮੇਰੇ ਪਾਸੋਂ ਪ੍ਰੇਮ ਦੀ ਚਾਲ ਦੀ ਗੱਲ ਸੁਣ,
ਤਾਂ ਜੋ ਤੈਨੂੰ ਪ੍ਰੇਮ ਦੀ ਗਲ ਬਾਤ ਦਾ ਸੁਆਦ ਆ ਸਕੇ ।
ਰੱਬ ਦੇ ਪਿਆਰ ਨੇ ਹਰ ਕਿਸੇ ਨੂੰ ਢਾਹ ਦਿੱਤਾ,
ਉਹ ਪ੍ਰੇਮ ਦੇ ਮਾਮਲੇ ਦੀ ਖੁਸ਼ੀ ਨੂੰ ਗਨੀਮਤ ਸਮਝਦਾ ਹੈ ।
ਉਹੋ ਦਮ ਸੁਭਾਗਾ ਹੈ, ਜੋ ਉਸ ਦੀ ਯਾਦ ਵਿਚ ਗੁਜ਼ਰੇ,
ਉਹੋ ਸਿਰ ਕਰਮਾ ਵਾਲਾ ਹੈ ਜੋ ਪ੍ਰੇਮ ਦੇ ਰਾਹੇ ਲੱਗ ਜਾਵੇ ।
ਹਜ਼ਾਰਾਂ ਹੀ ਪ੍ਰੇਮੀ ਤਲੀ ਤੇ ਜਾਨ ਰਖੀ ਉਸ ਦੇ ਰਾਹ ਉੱਤੇ,
ਪ੍ਰੀਤ ਦੀ ਕੰਧ ਨਾਲ ਢਾਸਣਾਂ ਲਾਈ ਖੜ੍ਹੇ ਹਨ ।
ਜਿਸ ਨੇ ਵੀ ਰੱਬ ਦੇ ਰਾਹ ਅਤੇ ਬੇਦਅਬੀ ਕੀਤੀ,
ਮਨਸੂਰ ਵਾਂਗ ਉਸ ਨੂੰ ਪ੍ਰੇਮ ਦੀ ਸੂਲੀ ਹੀ ਠੀਕ ਫਬਦੀ ਹੈ ।
ਸੁਭਾਗਾ ਹੈ ਦਿਲ, ਜੋ ਰੱਬ ਦੇ ਪ੍ਰੇਮ ਨਾਲ ਭਰਿਆ ਪਿਆ ਹੈ,
ਪ੍ਰੇਮ ਦੇ ਭਾਰ ਨਾਲ ਹੀ ਆਸਮਾਨ ਦੀ ਪਿੱਠ ਝੁਕ ਗਈ ਹੈ ।
ਜੇ ਕਰ ਤੂੰ ਪਰੇਮ ਦੀ ਸਿਤਾਰ 'ਚੋਂ ਨਿਕਲੇ ਰਾਗ ਸੁਣ ਲਵੇਂ,
ਤਾਂ ਨੇਕ ਸੁਭਾਉ ਵਾਲੇ ਬੰਦੇ, ਤੂੰ ਸਦਾ ਲਈ ਅਮਰ ਹੋ ਜਾਵੇਂ ।
ਬਾਦਸ਼ਾਹਾਂ ਨੇ ਰਾਜ ਛੱਡ ਦਿੱਤੇ,
ਤਾਂ ਜੋ ਪ੍ਰੇਮ ਦੇ ਭੇਤਾਂ ਤੋਂ ਵਾਕਿਫ ਹੋ ਸਕਣ ।
ਗੋਯਾ ਵਾਂਗ ਜਿਸ ਨੂੰ ਵੀ ਪ੍ਰੇਮ ਦੀ ਬਿਮਾਰੀ ਲੱਗੀ,
ਰੱਬ ਦੀ ਬੰਦਗੀ ਬਿਨਾਂ ਉਸ ਨੇ ਹੋਰ ਕੋਈ ਮਲ੍ਹਮ ਨਹੀਂ ਵੇਖੀ ।
ਗ਼ਜ਼ਲ 51
ਉਸ ਪਾਕ ਪਰਵਰਦਗਾਰ ਨੇ ਮੈਨੂੰ ਇਸ ਲਈ ਪੈਦਾ ਕੀਤਾ ਹੈ,
ਕਿ ਮਿੱਟੀ ਦੇ ਇਸ ਸਰੀਰ ਵਿਚੋਂ ਰੱਬ ਦੇ ਨਾਮ ਬਿਨਾਂ ਹੋਰ ਕੁਝ ਨਾ ਨਿਕਲੇ ।
ਤੇਰੀ ਜੁਦਾਈ ਵਿਚ ਪ੍ਰੀਤਵਾਨਾਂ ਦੇ ਜਾਨ ਅਤੇ ਦਿਲ ਦੀ ਇਹ ਹਾਲਤ ਹੈ,
ਕਿ ਪੋਸਤ ਦੇ ਫੁੱਲ ਵਾਂਗ ਉਨ੍ਹਾਂ ਦਾ ਜਿਗਰ ਦਾਗਦਾਰ ਹੈ ਅਤੇ ਸੀਨਾ ਲੀਰੋ ਲੀਰ ।
ਰੱਬ ਦੀ ਯਾਦ ਤੋਂ ਬਿਨਾਂ ਸਮੇਂ ਨੂੰ ਮੌਤ ਕਿਹਾ ਗਿਆ ਹੈ,
ਜਦ ਤਕ ਸਾਨੂੰ ਤੇਰੀ ਛਤਰ ਛਾਇਆ ਨਸੀਬ ਹੈ, ਸਾਨੂੰ ਕੋਈ ਡਰ ਨਹੀਂ ।
ਤੇਰੀ ਖ਼ਾਤਰ ਬਾਦਸ਼ਾਹਾਂ ਨੇ ਤਖ਼ਤ ਅਤੇ ਤਾਜ ਛੱਡ ਦਿੱਤੇ,
ਮੁਖੜੇ ਤੋਂ ਬੁਰਕਾ ਚੁੱਕ ਕਿਉਂਕਿ ਸਾਰਾ ਜਗ ਮਰਿਆ ਪਿਆ ਹੈ ।
ਐ ਕਿ ਤੇਰੀ ਦਰਗਾਹ ਦੀ ਧੂੜ ਸੰਸਾਰ ਨੂੰ ਤੰਦਰੁਸਤੀ ਬਖਸ਼ਣ ਵਾਲੀ ਹੈ,
ਤੂੰ ਦਰਦ ਦੇ ਮਾਰੇ ਪਰਦੇਸੀਆਂ ਦੇ ਹਾਲ ਉਤੇ ਤਰਸ ਖਾ ।
ਇਹ ਦੁਨੀਆਂ ਹੀ ਹੈ, ਜੋ ਦੋਹਾਂ ਜਹਾਨਾਂ ਨੂੰ ਬਰਬਾਦ ਕਰ ਦਿੰਦੀ ਹੈ,
ਦਾਰਾ ਵੀ ਮਿੱਟੀ ਵਿਚ ਰਲ ਗਿਆ, ਅਤੇ ਕਾਰੂੰ ਵੀ ਮਾਰਿਆ ਗਿਆ ।
ਤੇਰੇ ਬਿਨਾਂ ਮੇਰੀ ਅੱਖ ਹਮੇਸ਼ਾਂ ਇਉਂ ਮੋਤੀ ਕੇਰਦੀ ਰਹਿੰਦੀ ਹੈ,
ਜਿਵੇਂ ਗੁੱਛਿਆਂ ਵਿਚੋਂ ਦਾਣੇ ਡਿਗਦੇ ਰਹਿੰਦੇ ਹਨ ।
ਗ਼ਜ਼ਲ 52
ਮੈਂ ਨਹੀਂ ਜਾਣਦਾ, ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ,
ਅਸੀਂ ਉਸ ਦੇ ਬੰਦੇ ਹਾਂ, ਅਤੇ ਉਹ ਹਰ ਥਾਂ ਮੇਰਾ ਰਾਖਾ ਹੈ ।
ਰੱਬ ਦੇ ਮਹਿਰਮ ਸਿਵਾਇ ਰੱਬ ਦੇ ਨਾਮ ਦੇ ਹੋਰ ਕੋਈ ਸ਼ਬਦ ਮੂੰਹੋਂ ਨਹੀਂ ਕਢਦੇ,
ਉਸ ਦੇ ਸਿਮਰਨ ਤੋਂ ਬਿਨਾਂ ਹੋਰ ਸੱਭ ਕੁਝ ਫਜ਼ੂਲ ਵਾਦ-ਵਿਵਾਦ ਹੈ ।
ਸਾਡੇ ਪੂਰੇ ਸਤਿਗੁਰੂ ਬੰਦਗੀ ਫ਼ਰਮਾਉਂਦੇ ਹਨ,
ਵਾਹ! ਕਿੰਨਾ ਮੁਬਾਰਿਕ ਹੈ ਉਹ ਬੋਲ ਜੋ ਉਸ ਦੇ ਹਾਲ ਦਾ ਮਹਿਰਮ ਬਣਾਂਦਾ ਹੈ ।
ਗ਼ਜ਼ਲ 53
ਜਦ ਰੱਬ ਹਰ ਹਾਲਤ ਵਿਚ ਹਾਜ਼ਰ ਨਾਜ਼ਰ ਹੈ,
ਤਾਂ ਤੂੰ ਹੋਰ ਕਿਉਂ ਹੱਥ ਪੈਰ ਪਿਆ ਮਾਰਦਾ ਫਿਰਦਾ ਹੈਂ ?
ਰੱਬ ਦੀ ਸਿਫ਼ਤ ਸਲਾਹ ਕਰ, ਐ ਮੇਰੀ ਜਾਨ! ਹੋਰ ਕੁਝ ਨ ਕਹੁ,
ਨਾਮ ਜਪਣ ਵਾਲਾ ਬੰਦਾ ਬਣ ਜਾ, ਉਸ ਦੇ ਹਾਲ ਦਾ ਮਹਿਰਮ ਬਣ ਜਾ ।
ਰੱਬ ਦੀ ਯਾਦ ਤੋਂ ਛੁੱਟ ਜਿਹੜਾ ਦਮ ਵੀ ਗੁਜ਼ਾਰਿਆ,
ਕਾਮਲ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਬਰਬਾਦ ਗਿਆ ।
ਜਿੱਥੇ ਵੀ ਤੂੰ ਵੇਖੇਂ, ਉਸ ਤੋਂ ਬਿਨਾਂ ਹੋਰ ਕੋਈ ਨਹੀਂ,
ਐਨ ਮਿਲਾਪ ਵਿਚ ਤੂੰ ਕਿਉਂ ਗ਼ਾਫ਼ਲ ਹੁੰਦਾ ਹੈਂ ?
ਗੋਯਾ,ਤੂੰ ਰੱਬ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਾ ਕਹੁ,
ਕਿਉਂ ਜੋ ਬਾਕੀ ਸਭ ਗੱਲ-ਬਾਤ ਥੋਥੀ ਹੈ ।
ਗ਼ਜ਼ਲ 54
ਅਸਾਂ ਹਰ ਰੱਬ ਦੇ ਬੰਦੇ ਨੂੰ ਹੀ ਰੱਬ ਸਮਝਿਆ ਹੈ ।
ਅਤੇ ਆਪਣੇ ਆਪ ਨੂੰ ਅਸਾਂ ਇਨ੍ਹਾਂ ਬੰਦਿਆਂ ਦਾ ਬੰਦਾ ਸਮਝਿਆ ਹੈ ।
ਸਾਡੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਸੁਰਮੇਂ ਦੀ ਕੋਈ ਲੋੜ ਨਹੀਂ,
ਕਿਉਂ ਜੋ ਅਸਾਂ ਰੱਬ ਦੇ ਬੰਦਿਆਂ ਦੇ ਰਾਹ ਦੀ ਧੂੜ ਨੂੰ ਹੀ ਸੁਰਮਾ ਸਮਝਿਆ ਹੈ ।
ਹਰ ਘੜੀ ਅਸੀਂ ਆਪਣਾ ਸਿਰ ਸਿਜਦੇ ਲਈ ਧਰਤ ਉਤੇ ਰਖਦੇ ਹਾਂ,
ਕਿਉਂ ਜੋ ਅਸਾਂ ਅਪਣੇ ਯਾਰ ਦੇ ਮੁਖੜੇ ਨੂੰ ਰੱਬ ਦਾ ਨੂਰ ਸਮਝਿਆ ਹੈ ।
ਫਕੀਰਾਂ ਨੇ ਬਾਦਸ਼ਾਹਾਂ ਨੂੰ ਬਾਦਸ਼ਾਹੀ ਬਖ਼ਸ਼ੀ ਹੈ,
ਇਸ ਲਈ ਉਸ ਦੀ ਗਲੀ ਦੇ ਫ਼ਕੀਰ ਨੂੰ ਅਸੀਂ ਬਾਦਸ਼ਾਹ ਸਮਝ ਲਿਆ ਹੈ ।
ਸਾਨੂੰ! ਐ ਗੋਯਾ, ਮੁਲਕ ਅਤੇ ਮਾਲ ਦੀ ਕੋਈ ਚਾਹ ਨਹੀਂ,
ਇਸ ਲਈ, ਕਿ ਅਸੀਂ ਤੇਰੀ ਜੁਲਫ਼ ਦੇ ਸਾਯੇ ਨੂੰ ਹੁਮਾ ਦਾ ਪਰ ਸਮਝ ਲਿਆ ਹੈ ।
ਗ਼ਜ਼ਲ 55
ਮੈਂ ਆਪਣੀ ਅੱਖ ਦੀ ਪੁਤਲੀ ਵਿਚ ਉਸ ਦਿਲ ਹਰਨ ਵਾਲੇ ਨੂੰ ਵੇਖਿਆ ਹੈ ।
ਜਿੱਧਰ ਵੀ ਮੈਂ ਨਿਗਾਹ ਦੌੜਾਈ, ਮੈਂ ਆਪਣਾ ਸੱਜਨ ਹੀ ਵੇਖਿਆ ਹੈ ।
ਮੈਂ ਕਾਅਬੇ ਅਤੇ ਮੰਦਰ ਦੋਹਾਂ ਥਾਵਾਂ ਦੀ ਪਰਕਰਮਾ ਕੀਤੀ ਹੈ,
ਮੈਨੰ ਤਾਂ ਹਰ ਥਾਂ ਤੇਰੇ ਬਿਨਾਂ ਕੋਈ ਨਹੀਂ ਦਿਸਿਆ ।
ਜਿੱਥੇ ਵੀ ਮੈਂ ਨਿਸਚੇ ਵਜੋਂ ਨਜ਼ਰ ਕੀਤੀ
ਅਪਣੇ ਦਿਲ ਦੇ ਘਰ ਅੰਦਰ ਰੱਬ ਹੀ ਰੱਬ ਵੇਖਿਆ ਹੈ ।
ਤੇਰੀ ਗਲੀ ਵਿਚ ਮੰਗਣ ਦਾ ਕੰਮ ਬਾਦਸ਼ਾਹੀ ਨਾਲੋਂ ਚੰਗੇਰਾ ਹੈ,
ਮੈਂ ਦੋਹਾਂ ਜਹਾਨਾਂ ਦੀ ਨਾਇਬੀ ਨਿਜੀ ਸਵਾਰਥ ਨੂੰ ਛੱਡਣ ਵਿਚ ਵੇਖੀ ਹੈ ।
ਮੇਰੇ ਕੰਨੀ, ਗੋਯਾ ਪਹਿਲੇ ਦਿਨ ਤੋਂ ਹੀ ਇਹ ਅਵਾਜ਼ ਪਈ,
ਕਿ ਜਹਾਨ ਦੇ ਅੰਤ ਨੂੰ ਮੈਂ ਇਸ ਦੇ ਆਦਿ ਵਿਚੋਂ ਹੀ ਵੇਖ ਲਿਆ ਹੈ ।
ਗ਼ਜ਼ਲ 56
ਮਿੱਤਰ ਪਿਆਰੇ ਤੋਂ ਅਸੀਂ ਸਿਵਾ ਉਸ ਦੇ ਹੋਰ ਕੋਈ ਚਾਹ ਨਹੀਂ ਰਖਦੇ ।
ਅਸੀ ਅਪਣੇ ਸਿਰ ਦਰਦ ਦਾ ਕੋਈ ਇਲਾਜ ਨਹੀਂ ਕਰਦੇ ।
ਅਸੀਂ ਉਸ ਨਰਗਸੀ ਸੱਜਨ ਦੇ ਹੱਥੋਂ ਬੀਮਾਰ ਹਾਂ, ਜਿਸ ਦਾ ਨਰਗਸ ਵੀ ਗ਼ੁਲਾਮ ਹੈ,
ਅਸੀਂ ਖਿਜ਼ਰ ਅਤੇ ਮਸੀਹਾ ਦੀ ਚਾਹ ਨਹੀਂ ਰਖਦੇ ।
ਜਿੱਥੇ ਵੀ ਅਸਾਂ ਵੇਖਿਆ, ਤੇਰਾ ਜਲਾਲ ਹੀ ਵੇਖਿਆ ਹੈ,
ਅਸੀਂ ਦੋਸਤ ਦੇ ਜਮਾਲ ਤੋਂ ਛੁੱਟ ਹੋਰ ਕੋਈ ਤਮਾਸ਼ਾ ਨਹੀਂ ਵੇਖਦੇ ।
ਅਪਣੇ ਸੱਜਨ ਦੇ ਨਾਲ ਹੁੰਦਿਆਂ, ਅਸੀਂ ਹੋਰ ਕਿਸੇ ਨੂੰ ਨਹੀਂ ਵੇਖਦੇ,
ਅਸੀਂ ਕਿਸੇ ਹੋਰ ਦੇ ਸਾਹਮਣੇ ਅੱਖ ਵੀ ਨਹੀਂ ਪੁਟਦੇ ।
ਅਸੀਂ ਭੰਬਟ ਵਾਂਗ ਦੀਵੇ ਦੇ ਚਿਹਰੇ ਤੋਂ ਅਪਣੀਂ ਜਾਨ ਵਾਰ ਦਿੰਦੇ ਹਾਂ,
ਪਰ ਬੁਲਬੁਲ ਵਾਂਗ ਐਵੇਂ ਫ਼ਜ਼ੂਲ ਕੂਕਾਂ ਨਹੀਂ ਮਾਰਦੇ ।
ਗੋਯਾ, ਚੁੱਪ ਰਹੁ, ਕਿ ਸਜਨ ਦੇ ਪ੍ਰੇਮ ਦੇ ਸੁਦਾ ਨੂੰ,
ਜਦ ਤਕ ਭੀ ਸਾਡਾ ਸਿਰ ਕਾਇਮ ਹੈ, ਆਪਣੇ ਸਿਰੋਂ ਨਹੀਂ ਕੱਢਾਂਗੇ ।
ਗ਼ਜ਼ਲ 57
ਅਸੀਂ ਰੱਬ ਦੀ ਯਾਦ ਵਿਚ ਸਦਾ ਜ਼ਿੰਦਾ ਰਹਿੰਦੇ ਹਾਂ,
ਅਸੀਂ ਸਦਾ ਹੀ ਉਸ ਦੇ ਇਹਸਾਨ ਕਾਰਣ ਸ਼ਰਮਸਾਰ ਹਾਂ ।
ਆਪਾ ਵਿਖਾਉਣ ਵਾਲੇ ਦੀ ਭਜਨ ਬੰਦਗੀ ਮਨਜ਼ੂਰ ਨਹੀਂ ਹੁੰਦੀ,
ਉਹ ਰੱਬ ਤਾਂ ਸਦਾ ਮਾਲਕ ਹੈ ਅਤੇ ਅਸੀਂ ਉਸ ਦੇ ਬੰਦੇ ਹਾਂ ।
ਮਿੱਟੀ ਦੇ ਪੁਤਲਿਆਂ ਵਿਚ ਉਸੇ ਦੀ ਪਵਿੱਤਰਤਾ ਹੈ,
ਅਸਾਂ ਤਾਂ ਪਾਕ ਪਰਵਰਦਗਾਰ ਨੂੰ ਵੇਖ ਲਿਆ ਹੈ ।
ਅਸਾਂ ਤਾਂ ਉਸ ਬਾਦਸ਼ਾਹ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਹੈ,
ਅਤੇ ਦੋਹਾਂ ਜਹਾਨਾਂ ਲੋਕ ਪਰਲੋਕ ਤੋਂ ਆਪਣੇ ਹੱਥ ਧੋ ਲਏ ਹਨ ।
ਹਰ ਇਕ ਅੱਖ ਵਿਚ ਉਸ ਦੇ ਨੂਰ ਤੋਂ ਬਿਨਾਂ ਕੁਝ ਵੀ ਨਹੀਂ,
ਇਸੇ ਲਈ ਅਸਾਂ ਰੱਬ ਦੇ ਬੰਦਿਆਂ ਦੀ ਸੰਗਤ ਢੂੰਡੀ ਹੈ ।
ਜਦ ਤੋਂ ਅਸਾਂ ਉਸ ਦਾ ਪੱਲਾ ਫੜਿਆ ਹੈ,
ਅਸੀਂ ਉਸ ਦੇ ਚਰਨਾਂ ਦੀ ਧੂੜ ਦਾ ਕਿਣਕਾ ਹੋ ਗਏ ਹਾਂ ।
ਗੋਯਾ ਕੌਣ ਹੈ, ਰੱਬ ਦਾ ਨਾਮ-ਲੇਵਾ,
ਅਸੀਂ ਤਾਂ ਜਹਾਨ ਦੇ ਸੂਰਜ ਵਾਂਗ ਚਮਕੇ ਹਾਂ ।
ਗ਼ਜ਼ਲ 58
ਅਸੀਂ ਤਾਂ ਪ੍ਰੀਤ ਦੇ ਬੰਦੇ ਹਾਂ, ਰੱਬ ਨੂੰ ਨਹੀਂ ਸਿਆਣਦੇ ।
ਗਾਲਾ੍ਹਂ ਨਹੀਂ ਜਾਣਦੇ, ਅਸੀਸਾਂ ਨਹੀਂ ਪਛਾਣਦੇ ।
ਅਸੀਂ ਉਸ ਪਿਆਰੇ ਦੇ ਦੀਵਾਨੇ ਹਾਂ, ਜੋ ਸਾਡਾ ਮਤਵਾਲਾ ਹੈ,
ਅਸੀਂ ਬਾਦਸ਼ਾਹ ਨੂੰ ਨਹੀਂ ਜਾਣਦੇ ਫ਼ਕੀਰ ਨੂੰ ਨਹੀਂ ਸਿਆਣਦੇ ।
ਸੱਚੀ ਗਲ ਤਾਂ ਇਹ ਹੈ ਕਿ ਤੇਰੇ ਬਿਨਾਂ ਇੱਥੇ ਹੋਰ ਕੋਈ ਨਹੀਂ,
ਸਾਨੂੰ ਤਾਂ ਮੇਰ ਤੇਰ ਦਾ ਫ਼ਰਕ ਸਮਝ ਨਹੀਂ ਆਉਂਦਾ ।
ਪ੍ਰੀਤ ਦੇ ਮਾਰਗ ਉਤੇ ਸਿਰ ਪੈਰ ਬਣ ਗਿਆ ਅਤੇ ਪੈਰ ਸਿਰ ਬਣ ਗਏ,
ਇਹ ਕਹਿੰਦਾ ਤਾਂ ਹਾਂ, ਪਰ ਅਸੀਂ ਸਿਰ ਤੇ ਪੈਰ ਨੂੰ ਨਹੀਂ ਪਹਿਚਾਣਦੇ ।
ਅਸੀਂ ਵੀ, ਗੋਯਾ ਵਾਂਗ,ਆਦਿ ਦਿਨ ਤੋਂ ਹੀ ਮਸਤ ਹਾਂ,
ਭਜਨ ਬੰਦਗੀ ਅਤੇ ਪਾਖੰਡ ਦੇ ਅਸੂਲਾਂ ਦਾ ਸਾਨੂੰ ਕੁਝ ਪਤਾ ਨਹੀਂ ।
ਗ਼ਜ਼ਲ 59
ਜਦ ਵੀ ਅਸੀ ਪਿਆਰੇ ਵਲ ਨਜ਼ਰ ਚੁੱਕ ਕੇ ਵੇਖਦੇ ਹਾਂ,
ਤਾਂ ਮੋਤੀ ਵਰ੍ਹਾਉਣ ਵਾਲੀਆਂ ਦੋਹਾਂ ਅੱਖਾਂ ਦੇ ਦਰਿਆ ਵਗਾ ਦਿੰਦੇ ਹਾਂ ।
ਜਿੱਥੇ ਵੀ ਅਸਾਂ ਵੇਖਿਆ ਹੈ, ਸੱਜਨ ਦਾ ਮੁਖੜਾ ਹੀ ਵੇਖਿਆ ਹੈ,
ਅਸੀਂ ਕਦੋਂ ਪਰਾਇਆਂ ਵਲ ਵੇਖਣ ਵਾਲੇ ਹਾਂ ?
ਹੇ ਭਜਨੀਕ ਮਹਾਤਮਾ, ਮੈਨੂੰ ਸੋਹਣਿਆਂ ਨੂੰ ਵੇਖਣ ਤੋਂ ਨਾ ਰੋਕ,
ਅਸੀਂ ਤਾਂ ਆਪਣੀ ਨਜ਼ਰ ਸੱਜਨ ਦੇ ਮੁਖੜੇ ਵਲ ਲਾਈ ਬੈਠੇ ਹਾਂ ।
ਅਸਾਂ ਤੇਰੇ ਮੁਖੜੇ ਦੀ ਕਥਾ ਤੋਂ ਛੁੱਟ ਹੋਰ ਕੋਈ ਖੁਰਾਕ ਨਹੀਂ ਖਾਧੀ,
ਪ੍ਰੇਮ ਦੇ ਰਾਹ ਉਤੇ ਇਸੇ ਨੂੰ ਬਾਰ ਬਾਰ ਦੁਹਰਾਂਦੇ ਹਾਂ ।
ਗੋਯਾ, ਅਸੀਂ ਪਿਆਰੇ ਦੀ ਤਕਣੀ ਨਾਲ ਹੀ ਮਸਤ ਹੋ ਗਏ ਹਾਂ,
ਅਸੀਂ ਭਲਾ ਫਿਰ ਕਿਉਂ ਭੇਤ ਭਰੀ ਸ਼ਰਾਬ ਦੀ ਚਾਹ ਰਖੀਏ ।
ਗ਼ਜ਼ਲ 60
ਮੇਰੀਆਂ ਅੱਖਾਂ ਵਿਚ ਮੇਰੇ ਖੁਦ-ਪਸੰਦ ਬਾਦਸ਼ਾਹ ਤੋਂ ਬਿਨਾਂ ਹੋਰ ਕੋਈ ਨਹੀਂ ਸਮਾਉਂਦਾ,
ਮੇਰੀਆਂ ਅੱਖਾਂ ਨੂੰ ਉਸ ਦਾ ਵਡ-ਭਾਗੀ ਕੱਦ ਠੀਕ ਜੱਚ ਗਿਆ ਹੈ ।
ਜਦ ਉਹ ਆਪਣੇ ਕਲੀ ਵਰਗੇ ਤੰਗ ਮੂੰਹ ਤੋਂ ਅੰਮ੍ਰਿਤ ਵਰ੍ਹਾਉਂਦਾ ਹੈ,
ਤਾਂ ਮਾਨੋ ਸਾਰੇ ਮੁਰਦਿਆਂ ਨੂੰ ਉਹ ਆਪਣੀ ਮੁਸਕਾਨ ਨਾਲ ਜੀਉਂਦਾ ਕਰ ਦਿੰਦਾ ਹੈ ।
ਤੇਰੇ ਦੀਦਾਰ ਲਈ ਮੇਰੀਆਂ ਅੱਖਾਂ ਚਸ਼ਮੇ ਦਾ ਸ੍ਰੋਤ ਬਣ ਗਈਆਂ,
ਆ ਮੇਰੇ ਜਾਨੀ, ਕਿ ਮੇਰੀ ਦਰਦ-ਭਰੀ ਜਾਨ ਤੈਥੋਂ ਕੁਰਬਾਨ ।
ਜੇਕਰ ਤੂੰ ਕਿਧਰੇ ਮੇਰੇ ਅੰਦਰਲੇ ਵਿਚ ਝਾਤੀ ਮਾਰੇਂ ਤਾਂ ਤੈਨੂੰ ਆਪਣੇ ਬਿਨਾਂ ਉਸ ਵਿਚ ਹੋਰ ਕੁਝ ਨਹੀਂ ਨਜ਼ਰ ਆਏਗਾ,
ਕਿਉਂ ਜੋ ਮੇਰੇ ਤਾਂ ਬੰਦ ਬੰਦ ਵਿਚ ਤੇਰੇ ਬਿਨਾਂ ਹੋਰ ਕਿਸੇ ਦਾ ਜ਼ਿਕਰ ਨਹੀਂ ।
ਗੋਯਾ! ਮੈਂ ਤਾਂ ਮਿੱਟੀ ਦੀ ਇਕ ਮੁੱਠ ਹਾਂ, ਮੇਰਾ ਅੰਦਰਲਾ ਉਸ ਦੇ ਨੂਰ ਦੀਆਂ ਕਿਰਨਾਂ ਨਾਲ ਭਰਿਆ ਪਿਆ ਹੈ,
ਇਸੇ ਲਈ ਮੇਰਾ ਹੋਸ਼ਮੰਦ ਦਿਲ ਉਸ ਦੇ ਉਦਾਲੇ ਸਦਾ ਘੁੰਮਦਾ ਰਹਿੰਦਾ ਹੈ ।
ਗ਼ਜ਼ਲ 61
ਜੇਕਰ ਤੂੰ ਵਫ਼ਾਦਾਰ ਹੋ ਜਾਵੇਂ ਤਾਂ ਹੋਰ ਕੋਈ ਵੀ ਬੇਵਫ਼ਾ ਨਹੀਂ,
ਸਮਾਂ ਉਹ ਹੈ, ਕਿ ਤੂੰ ਸਮੇਂ ਸਿਰ ਹੁਸ਼ਿਆਰ ਹੋ ਜਾਵੇਂ ।
ਜੇ ਕਰ ਤੇਰੇ ਕੋਲ ਜਾਨ ਹੈ, ਤਾਂ ਪਿਆਰੇ ਦੇ ਕਦਮਾਂ ਤੋਂ ਵਾਰ ਦੇ,
ਆਪਣਾ ਦਿਲ ਦਿਲਦਾਰ ਨੂੰ ਦੇ ਦੇ, ਤਾਂ ਜੋ ਤੂੰ ਆਪ ਦਿਲਦਾਰ ਹੋ ਜਾਵੇਂ ।
ਪ੍ਰੀਤ ਦਾ ਪੈਂਡਾ ਬੜਾ ਲੰਮਾ ਹੈ, ਪੈਰਾਂ ਨਾਲ ਨਹੀਂ ਤੁਰਿਆ ਜਾਣਾ,
ਆਪਣੇ ਸਿਰ ਨੂੰ ਪੈਰ ਬਣਾ ਲੈ ਤਾਂ ਜੋ ਉਸ ਪਿਆਰੇ ਦੇ ਰਾਹ ਤੇ ਟੁਰ ਸਕੇਂ ।
ਸਾਰੇ ਲੋਕਾਂ ਦੀ ਗੱਲ ਬਾਤ ਅਪਣੀ ਸੂਝ ਬੂਝ ਅਨੁਸਾਰ ਹੈ,
ਤੂੰ ਆਪਣੇ ਹੋਠ ਮੀਟੀ ਰੱਖ ਤਾਂ ਜੋ ਉਸ ਦੇ ਭੇਤਾਂ ਤੋਂ ਜਾਣੂ ਹੋ ਸਕੇਂ ।
ਗੋਯਾ, ਆਪਣਾ ਦੀਵਾਨਾ ਦਿਲ ਉਸ ਮਿਹਰ ਦੀ ਆਸ ਵੇਚਦਾ ਹੈ,
ਕਿ ਸ਼ਾਇਦ ਤੂੰ ਖ਼ਰੀਦਾਰ ਬਣ ਜਾਵੇਂ ।
ਰੁਬਾਈਆਂ
ਰੁਬਾਈ 1
ਤੇਰੇ ਸ਼ੌਕ ਕਾਰਣ ਹਰ ਇਕ, ਸਿਰ ਦੇ ਪੈਰੀਂ ਤੁਰਿਆ,
ਅਤੇ ਉਸ ਨੇ ਨੌਵਾਂ ਅਸਮਾਨਾਂ ਤੇ ਆਪਣਾ ਝੰਡਾ ਗੱਡ ਲਿਆ ।
ਉਸ ਦਾ ਆਉਣਾ ਵੀ ਮੁਬਾਰਿਕ ਹੋਇਆ ਤੇ ਜਾਣਾ ਵੀ ਸੁਭਾਗਾ,
ਗੋਯਾ, ਜਿਸ ਨੇ ਰੱਬ ਦਾ ਰਾਹ ਪਹਿਚਾਣ ਲਿਆ ।
ਰੁਬਾਈ 2
ਹਰ ਉਹ ਅੱਖ ਜਿਸਨੇ ਰੱਬ ਨੂੰ ਨਾ ਪਛਾਣਿਆ, ਮਾਨੋ ਅੰਨ੍ਹੀ ਹੈ,
ਉਸ ਨੇ ਇਸ ਕੀਮਤੀ ਆਯੂ ਨੂੰ ਅਣਗਹਿਲੀ ਵਿਚ ਹੀ ਗਵਾ ਦਿੱਤਾ ।
ਉਹ ਰੋਂਦਾ ਹੋਇਆ ਆਇਆ ਅਤੇ ਸਧਰਾਂ ਨਾਲ ਲਈ ਮਰ ਗਿਆ,
ਅਫ਼ਸੋਸ, ਕਿ ਉਸ ਨੇ ਇਸ ਆਉਣ ਜਾਣ ਵਿਚ ਆਪਣਾ ਕੁਝ ਨਾ ਸਵਾਰਿਆ ।
ਰੁਬਾਈ 3
ਇਹ ਤੇਰੀ ਅੱਖ ਪਿਆਰੇ ਸੱਜਨ ਦਾ ਘਰ ਹੈ;
ਇਹ ਹਸਤੀ ਦਾ ਤਖ਼ਤ ਸੱਚੇ ਪਾਤਸ਼ਾਹ ਦਾ ਸਿੰਘਾਸਨ ਹੈ
ਹਿਰਸਾਂ ਹਵਸਾਂ ਦਾ ਹਰ ਬੰਦਾ ਉਸ ਰੱਬ ਤਕ ਨਹੀਂ ਪੁੱਜ ਸਕਦਾ,
ਕਿਉਂ ਜੋ ਇਹ ਰਸਤਾ ਤਾਂ ਰੱਬ ਦੇ ਸੂਰਮੇ ਭਗਤਾਂ ਦਾ ਹੈ ।
ਰੁਬਾਈ 4
ਹਰ ਉਹ ਦਿਲ ਜਿਹੜਾ ਸਿੱਧਾ ਹੀ ਪ੍ਰੀਤਮ ਬਣ ਗਿਆ,
ਯਕੀਨ ਜਾਣੋ, ਕਿ ਉਹ ਬਿਲਕੁਲ ਪ੍ਰੀਤਮ ਦਾ ਹੀ ਰੂਪ ਬਣ ਗਿਆ ।
ਇਕ ਜ਼ੱਰਾ ਵੀ ਉਸ ਦੀ ਰਹਿਮਤ ਅਤੇ ਬਖ਼ਸ਼ਿਸ਼ ਤੋਂ ਖਾਲੀ ਨਹੀਂ,
ਚਿਤ੍ਰਕਾਰ ਆਪਣੇ ਚਿਤਰਾਂ ਦੇ ਰੰਗਾਂ ਵਿਚ ਹੀ ਲੁਕਿਆ ਹੋਇਆ ਹੈ ।
ਰੁਬਾਈ 5
ਇਹ ਆਉਣਾ ਜਾਣਾ ਇਕ ਦਮ ਭਰ ਤੋਂ ਵੱਧ ਨਹੀਂ ਹੁੰਦਾ,
ਜਿੱਥੇ ਵੀ ਅਸੀਂ ਨਿਗਾਹ ਦੁੜਾਂਦੇ ਹਾਂ, ਸਿਵਾਏ ਆਪਣੇ ਦੇ ਹੋਰ ਕੋਈ ਨਹੀਂ ਹੁੰਦਾ ।
ਅਸੀਂ ਕਿਸੇ ਦੂਜੇ ਵਲ ਕਿਵੇਂ ਨਜ਼ਰ ਪੁੱਟ ਕੇ ਵੇਖ ਸਕਦੇ ਹਾਂ,
ਕਿਉਂ ਜੋ ਤੇਰੇ ਬਿਨਾਂ ਸਾਡੇ ਅੱਗੇ ਪਿੱਛੇ ਕੋਈ ਵੀ ਨਹੀਂ ਹੁੰਦਾ ।
ਰੁਬਾਈ 6
ਹਰ ਉਸ ਬੰਦੇ ਦਾ, ਜਿਹੜਾ ਰੱਬ ਦਾ ਤਾਲਬ ਹੁੰਦਾ ਹੈ,
ਦੋਹਾਂ ਜਹਾਨਾਂ ਵਿਚ ਉਸ ਦਾ ਮਰਤਬਾ ਸੱਭ ਤੋਂ ਉਚੇਰਾ ਹੁੰਦਾ ਹੈ ।
ਗੋਯਾ ਦੋਹਾਂ ਜਹਾਨਾਂ ਨੂੰ ਉਹ ਇਕ ਜੌਂ ਦੇ ਬਦਲੇ ਲੈ ਲੈਦੇ ਹਨ,
ਤੇਰਾ ਮਜਨੂੰ ਕਦੋਂ ਲੈਲਾ ਦਾ ਪ੍ਰੇਮੀ ਬਣਦਾ ਹੈ ।
ਰੁਬਾਈ 7
ਸੰਸਾਰ ਵਿਚ ਜਦ ਖ਼ੁਦਾ ਦੇ ਭਗਤ ਆਉਂਦੇ ਹਨ,
ਉਹ ਭੁੱਲੜਾਂ ਨੂੰ ਰਾਹ ਦੱਸਣ ਆਉਂਦੇ ਹਨ ।
ਗੋਯਾ ਜੇ ਕਰ ਤੇਰੀ ਅੱਖ ਰੱਬ ਦੀ ਤਾਂਘ ਵਾਲੀ ਹੋਵੇ,
(ਤਾਂ ਸਮਝ) ਕਿ ਰੱਬ ਦੇ ਭਗਤ ਰੱਬ ਨੂੰ ਵਖਾਉਣ ਲਈ ਆਉਂਦੇ ਹਨ ।
ਰੁਬਾਈ 8
ਸਾਡੇ ਧਰਮ ਵਿਚ ਗ਼ੈਰਾਂ ਦੀ ਪੂਜਾ ਨਹੀਂ ਕਰਦੇ,
ਉਹ ਇਕ ਹੋਸ਼ ਵਿਚ ਰਹਿੰਦੇ ਹਨ,ਅਤੇ ਮਸਤੀ ਨਹੀਂ ਕਰਦੇ ।
ਉਹ ਇਕ ਦਮ ਲਈ ਵੀ ਰੱਬ ਦੀ ਯਾਦ ਤੋਂ ਗ਼ਾਫ਼ਲ ਨਹੀਂ ਰਹਿੰਦੇ,
ਨਾਲੇ ਉਹ ਉਚਾਈ ਨੀਚਾਈ ਦੀਆਂ ਗੱਲਾਂ ਨਹੀਂ ਕਰਦੇ ।
ਰੁਬਾਈ 9
ਜੇਕਰ ਰੱਤਾ ਭਰ ਵੀ ਰੱਬ ਦਾ ਸ਼ੌਕ ਹੋਵੇ ਤਾਂ,
ਉਹ ਹਜ਼ਾਰਾਂ ਪਾਤਸ਼ਾਹੀਆਂ ਨਾਲੋਂ ਚੰਗੇਰਾ ਹੈ ।
ਗੋਯਾ! ਆਪਣੇ ਸਤਿ ਗੁਰੂ ਦਾ ਬੰਦਾ ਹੈ,
ਇਸ ਲਿਖਤ ਲਈ ਕਿਸੇ ਗਵਾਹੀ ਦੀ ਲੋੜ ਨਹੀਂ ।
ਰੁਬਾਈ 10
ਹਰ ਮਨੁੱਖ ਇਸ ਜਹਾਨ ਵਿਚ ਵਧਣਾ ਫੁੱਲਣਾ ਚਾਹੁੰਦਾ ਹੈ,
ਉਹ ਘੋੜੇ, ਊਠ, ਹਾਥੀ ਅਤੇ ਸੋਨਾ ਲੋਚਦਾ ਹੈ ।
ਹਰ ਆਦਮੀ ਆਪਣੇ ਲਈ ਕੁਝ ਨਾ ਕੁਝ ਲੋਚਦਾ ਹੈ,
ਪਰੰਤੂ ਗੋਯਾ ਤਾ ਰੱਬ ਪਾਸੋਂ ਕੇਵਲ ਰੱਬ ਦੀ ਯਾਦ ਹੀ ਲੋਚਦਾ ਹੈ ।
ਰੁਬਾਈ 11
ਸਿਰ ਤੋਂ ਪੈਰਾਂ ਤਕ ਉਹ ਨੁਰ ਨਾਲ ਭਰ ਗਿਆ,
ਉਹ ਸ਼ੀਸ਼ਾ ਜਿਸ ਵਿਚ ਕੋਈ ਤ੍ਰੇੜ ਨਹੀਂ ।
ਯਕੀਨ ਜਾਣ, ਕਿ ਉਹ ਅਣਗਹਿਲਾਂ ਤੋਂ ਦੂਰ ਰਹਿੰਦਾ ਹੈ,
ਉਹ ਤਾਂ ਆਰਫ਼ ਦੇ ਦਿਲ ਵਿਚ ਪ੍ਰਗਟ ਹੁੰਦਾ ਹੈ ।
ਰੁਬਾਈ 12
ਇਹ ਬਹੁ-ਮੁੱਲੀ ਉਮਰ ਜਿਹੜੀ ਜ਼ਾਇਆ ਹੋ ਜਾਂਦੀ ਹੈ,
ਇਹ ਉਜਾੜ ਘਰ ਕਿਵੇਂ ਆਬਾਦ ਹੋ ਸਕਦਾ ਹੈ ?
ਜਦ ਤਕ ਪੂਰਾ ਸਤਿਗੁਰੂ ਸਹਾਇਤਾ ਨਹੀਂ ਕਰਦਾ,
ਗੋਯਾ! ਤੇਰਾ ਗ਼ਮਾਂ-ਭਰਿਆ ਦਿਲ ਕਿਵੇਂ ਪ੍ਰਸੰਨ ਹੋ ਸਕਦਾ ਹੈ ।
ਰੁਬਾਈ 13
ਜ਼ਾਲਮ ਦਾ ਦਿਲ ਸਾਨੂੰ ਮਾਰਨ ਦਾ ਇਰਾਦਾ ਰਖਦਾ ਹੈ,
ਮੇਰਾ ਮਜ਼ਲੂਮ ਦਿਲ ਰੱਬ ਵਲ ਆਸ ਲਾਈ ਬੈਠਾ ਹੈ ।
ਉਹ ਇਸ ਫ਼ਿਕਰ ਵਿਚ ਹੈ, ਕਿ ਸਾਡੇ ਨਾਲ ਕੀ ਕਰੇ ?
ਅਸੀਂ ਇਸ ਚਿੰਤਾ ਵਿਚ ਹਾਂ ਕਿ ਰੱਬ ਕੀ ਕਰਦਾ ਹੈ ?
ਰੁਬਾਈ 14
ਜੋ ਕੁਝ ਅਸਾਂ ਉਮਰ ਦਾ ਫਲ ਪਰਾਪਤ ਕੀਤਾ ਹੈ,
ਦੋਹਾਂ ਜਹਾਨਾਂ ਵਿਚ ਅਸਾਂ ਖ਼ੁਦਾ ਦੀ ਯਾਦ ਹਾਸਲ ਕੀਤੀ ਹੈ ।
ਇਹ ਸਾਡੀ ਹਸਤੀ ਤਾਂ ਇਕ ਵਡੀ ਬਲਾ ਸੀ,
ਜਦ ਅਸੀਂ ਆਪਣੇ ਆਪੇ ਤੋਂ ਗੁਜ਼ਰ ਗਏ, ਅਸਾਂ ਰੱਬ ਨੂੰ ਪਾ ਲਿਆ ।
ਰੁਬਾਈ 15
ਤੇਰੇ ਦਰਵਾਜ਼ੇ ਦੀ ਧੂੜ ਤੋਂ ਸਾਨੂੰ ਸੁਰਮਾ ਪਰਾਪਤ ਹੋਇਆ ਹੈ,
ਜਿਸ ਦੀ ਬਦੌਲਤ ਅਸੀਂ ਵਧੇ ਫੁੱਲੇ ਹਾਂ ।
ਅਸੀਂ ਕਦੀ ਗ਼ੈਰ ਅਗੇ ਮੱਥਾ ਨਹੀਂ ਟੇਕਦੇ,
ਸਾਨੂੰ ਤਾਂ ਆਪਣੇ ਦਿਲ ਦੇ ਘਰ ਵਿਚ ਹੀ ਰੱਬ ਦੇ ਨਿਸ਼ਾਨ ਮਿਲ ਗਏ ਹਨ ।
ਰੁਬਾਈ 16
ਗੋਯਾ! ਸਾਨੂੰ ਰੱਬ ਦੀ ਯਾਦ ਤੋਂ ਉਸ ਦੀ ਸੋ ਮਿਲੀ ਹੈ,
ਇਹ ਨੱਕੋ ਨੱਕ ਭਰਿਆ ਪਿਆਲਾ ਭਲਾ ਸਾਨੂੰ ਕਿਥੋਂ ਪਰਾਪਤ ਹੋਇਆ ਹੈ ?
ਸਿਵਾਇ ਰੱਬ ਦੇ ਤਾਲਬ ਦੇ ਹਰ ਕਿਸੇ ਦੀ ਕਿਸਮਤ ਵਿਚ
ਇਹ ਦੁਰਲਭ ਦੌਲਤ ਨਹੀਂ ਹੁੰਦੀ,ਜਿਹੜੀ ਕਿ ਸਾਨੂੰ ਪਰਾਪਤ ਹੋਈ ਹੈ ।
ਰੁਬਾਈ 17
ਗੋਯਾ ਤੂੰ ਕਦ ਤਕ ਇਸ ਨਾਸ਼ਮਾਨ ਸੰਸਾਰ ਵਿਚ ਰਹੇਂਗਾ ?
ਜਿਹੜਾ ਕਦੀ ਜ਼ਰੂਰੀ ਹੋ ਜਾਂਦਾ ਹੈ ਅਤੇ ਕਦੀ ਨਿਰਧਾਰਤ ।
ਕਦ ਤਕ ਅਸੀਂ ਕੁੱਤਿਆਂ ਵਾਂਗ ਹੱਡੀਆਂ ਉਪਰ ਲੜਦੇ ਰਹਾਂਗੇ ?
ਸਾਨੂੰ ਦੁਨੀਆਂ ਦਾ ਵੀ ਪਤਾ ਹੈ ਅਤੇ ਦੁਨੀਆਦਾਰਾਂ ਦਾ ਵੀ ।
ਰੁਬਾਈ 18
ਗੋਯਾ! ਜੇ ਕਰ ਤੂੰ ਉਸ ਦੇ ਜਲਵੇ ਨੂੰ ਵੇਖਣਾ ਚਾਹੁੰਦਾ ਹੈਂ ?
ਜੇ ਕਰ ਤੂੰ ਆਪਣੀ ਹਿਰਸ ਹਵਸ ਤੋਂ ਭੱਜਣ ਦੀ ਇੱਛਾ ਰੱਖਦਾ ਹੈਂ ?
ਇਨ੍ਹਾਂ ਜ਼ਾਹਰਾ ਅੱਖਾਂ ਨਾਲ ਨਾ ਵੇਖ, ਕਿਉਂਕਿ ਇਹ ਤਾਂ ਤੇਰੇ ਲਈ ਰੁਕਾਵਟ ਹਨ,
ਤੂੰ ਬਿਨਾਂ ਅੱਖਾਂ ਦੇ ਵੇਖ, ਜੋ ਕੁਝ ਵੀ ਤੂੰ ਵੇਖਣਾ ਚਾਹੁੰਦਾ ਹੈਂ ।
ਰੁਬਾਈ 19
ਰੱਬ ਤਾਂ ਹਰ ਥਾਂ ਮੌਜੂਦ ਹੈ, ਤੂੰ ਕਿਸ ਨੂੰ ਢੂੰਢਦਾ ਹੈਂ ?
ਰੱਬ ਦਾ ਮੇਲ ਤਾਂ ਤੇਰਾ ਮਨੋਰਥ ਹੈ, ਤੂੰ ਕਿਧਰ ਭਟਕਦਾ ਪਿਆ ਹੈਂ ?
ਇਹ ਦੋਵੇਂ ਜਹਾਨ ਤੇਰੀ ਮਾਲਕੀ ਦੇ ਚਿੰਨ੍ਹ ਹਨ,
ਅਰਥਾਤ ਤੂੰ ਆਪਣੇ ਬੋਲ ਰੱਬ ਦੀ ਜ਼ਬਾਨ ਰਾਹੀਂ ਹੀ ਬੋਲਦਾ ਹੈਂ ।
ਫੁਟਕਲ ਬੈਂਤ
1
ਐ ਹਵਾ! ਮੇਰੀ ਮਿੱਟੀ ਸਜਨ ਦੇ ਦਰਵਾਜੇ ਤੋਂ ਨਾ ਉੜਾਈਂ,
ਨਹੀਂ ਤਾਂ ਵੈਰੀ ਭੰਡੀ ਕਰੇਗਾ,ਕਿ ਇਹ ਹਰ ਥਾਈਂ ਹੈ ।
2
ਉਸ ਪਿਆਰੇ ਤੋਂ ਬਿਨਾਂ ਕਾਅਬੇ ਅਤੇ ਬੁਤਖ਼ਾਨੇ ਵਿਚ ਹੋਰ ਕੋਈ ਨਹੀਂ ਹੈ,
ਪੱਥਰਾਂ ਦੇ ਭੇਤ ਕਾਰਣ ਅੱਗ ਦੋ ਰੰਗੀ ਕਿਵੇਂ ਹੋ ਸਕਦੀ ਹੈ ?
3
ਆਸਮਾਨ ਧਰਤ ਦੇ ਸਾਹਮਣੇ ਇਸ ਲਈ ਮੱਥਾ ਟੇਕਦਾ ਹੈ,
ਕਿ ਰੱਬ ਦੇ ਭਗਤ ਇਸ ਉਪਰ ਇਕ ਦੋ ਪਲ ਲਈ ਰੱਬ ਦਾ ਸਿਮਰਨ ਕਰਨ ਲਈ ਬੈਠਦੇ ਹਨ ।
4
ਕਲਪ ਬ੍ਰਿਛ ਦੀ ਛਾਵੇਂ ਤਾਂ ਤੈਨੂੰ ਦਿਲ ਦੀਆਂ ਮੁਰਾਦਾਂ ਮਿਲਦੀਆਂ ਹਨ,
ਪਰ ਰੱਬ ਦੇ ਬੰਦਿਆਂ ਦੀ ਛਾਂ ਹੇਠ ਤੂੰ ਰੱਬ ਨੂੰ ਪਰਾਪਤ ਕਰ ਲਵੇਂਗਾ ।